ਨਿੱਜੀਕਰਨ ਦੀਆਂ ਨੀਤੀਆਂ ਨੇ ਖੋਹਿਆ ਪੱਕਾ ਰੁਜ਼ਗਾਰ
ਆਦਮਪੁਰ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀਆਂ ਵੱਖ-ਵੱਖ ਟ੍ਰੇਡ ਜੱਥੇਬੰਦੀਆਂ ਦੇ ਮੁਲਾਜ਼ਮਾਂ ਤੇ ਠੇਕਾ ਕਾਮਿਆਂ ਨੇ ਵੀ ਹੜਤਾਲ
Publish Date: Thu, 12 Feb 2026 07:40 PM (IST)
Updated Date: Thu, 12 Feb 2026 07:42 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਕੇਂਦਰੀ ਟਰੇਡ ਜਥੇਬੰਦੀਆਂ ਵੱਲੋਂ ਐਲਾਨੀ ਗਈ ਦੇਸ਼ ਵਿਆਪੀ ਹੜਤਾਲ ’ਚ ਕੇਂਦਰੀ ਤੇ ਪੰਜਾਬ ਦੇ ਲਗਭਗ ਸਾਰੇ ਸਰਕਾਰੀ ਤੇ ਅਰਧ ਸਰਕਾਰੀ, ਮਹਿਕਮਿਆਂ ਦੇ ਮੁਲਾਜ਼ਮਾਂ ਨੇ ਤੇ ਵੱਖ-ਵੱਖ ਕੈਟੇਗਰੀਆਂ ਦੇ ਕਾਮਿਆਂ ਨੇ ਕੰਮ ਠੱਪ ਕਰ ਕੇ ਮੁਕੰਮਲ ਤੌਰ ’ਤੇ ਹੜਤਾਲ ਕੀਤੀ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀਆਂ ਵੱਖ-ਵੱਖ ਟ੍ਰੇਡ ਜੱਥੇਬੰਦੀਆਂ ਦੇ ਮੁਲਾਜ਼ਮਾਂ ਤੇ ਠੇਕਾ ਕਾਮਿਆਂ ਨੇ ਵੀ ਹੜਤਾਲ ਕਰਕੇ ਦਫ਼ਤਰਾਂ ਅੱਗੇ ਵੱਡੇ ਪੱਧਰ ’ਤੇ ਰੋਸ਼ ਪ੍ਰਦਰਸ਼ਨ ਕੀਤੇ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪੈਨਸ਼ਨਰਾਂ ਵੱਲੋਂ ਵੀ ਇਨ੍ਹਾਂ ਰੋਸ਼ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਕੀਤੀ ਗਈ। ਜਲੰਧਰ ਸਰਕਲ ਅਧੀਨ ਮਾਡਲ ਟਾਊਨ, ਲਾਂਬੜਾ, ਬਸਤੀਆਂ, ਮਕਸੂਦਾਂ, ਕੈਂਟ, ਆਦਮਪੁਰ ਤੇ ਲਗਭਗ ਸਾਰੇ ਹੀ ਦਫ਼ਤਰਾਂ ’ਚ ਬਿਜਲੀ ਮੁਲਾਜ਼ਮਾਂ ਨੇ ਵੱਡੀ ਪੱਧਰ ’ਤੇ ਹੜਤਾਲ ਕੀਤੀ। ਸਰਕਾਰ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਲਈ ਲੋਕਾਂ ਤੇ ਨਵੇਂ ਕਿਰਤ ਕਾਨੂੰਨ, ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਵਿਕਾਸ ਭਾਰਤ ਜੀ ਰਾਮ ਜੀ ਜਬਰੀ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਕਨੂੰਨਾਂ ਦਾ ਵਿਰੋਧ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਤੇ ਵੱਖ-ਵੱਖ ਵਰਗਾਂ ਨੇ ਹੜਤਾਲ ਦਾ ਸਮਰਥਨ ਕਰਕੇ ਪੂਰੇ ਜ਼ੋਰ ਸੋ਼ਰ ਨਾਲ ਕੀਤਾ। ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਕੇ ਉਨਾਂ ਦੀ ਵੱਡੇ ਪੱਧਰ ’ਤੇ ਮੁਨਾਫਿਆਂ ਦੀ ਹਵਸ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਇਨਾਂ ਨਵੇਂ ਕਨੂੰਨਾਂ ਨੂੰ ਲੋਕਾਂ ਦੀ ਲੁੱਟ ਦਾ ਅਧਾਰ ਬਣਾਇਆ ਜਾ ਰਿਹਾ ਹੈ। ਨਿੱਜੀਕਰਨ ਦੀਆਂ ਨੀਤੀਆਂ ਨੇ ਲੋਕਾਂ ਦੇ ਪੱਕੇ ਰੁਜ਼ਗਾਰ ਦਾ ਉਜਾੜਾ ਕੀਤਾ ਹੈ। ਰੋਸ ਪ੍ਰਦਰਸ਼ਨਾਂ ਦੇ ਭਾਰੀ ਇਕੱਠਾਂ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਲੰਧਰ ਸਰਕਲ ਦੇ ਪ੍ਰਧਾਨ ਸ਼ਿਰੀ ਰਾਮ ਜੱਗੀ, ਸਰਕਲ ਆਗੂ ਪ੍ਰੇਮ ਲਾਲ, ਥੋੜੂ ਰਾਮ, ਅਵਤਾਰ ਸਿੰਘ, ਸੁਰਿੰਦਰ ਸਿੰਘ, ਸੁੰਮਨ, ਪੂਰਨ ਚੰਦ, ਹਰਦੀਪ ਸਿੰਘ, ਸ਼ੰਗਾਰਾ ਸਿੰਘ, ਕੰਵਲਜੀਤ, ਭੁਪਿੰਦਰ ਕੁਮਾਰ, ਨਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ਤੇ ਸਰਕਾਰ ਤੋਂ ਇਨਾਂ ਲੋਕ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਤੇ ਪੰਜਾਬ ਸਰਕਾਰ ਤੋਂ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਫੈਸਲੇ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ।