ਲੈਨਿਨ ਦੀਆਂ ਸਿੱਖਿਆਵਾਂ ਸਬੰਧੀ ਕੈਂਪ ਲਾਉਣ ਦੀ ਅਪੀਲ
ਲੈਨਿਨ ਜਨਮ ਦਿਹਾੜੇ ਮੌਕੇ ਨੌਜਵਾਨਾਂ ’ਚ ਸਿੱਖਿਆ ਮੁਹਿੰਮਾਂ 'ਤੇ ਜ਼ੋਰ
Publish Date: Thu, 23 Apr 2026 06:31 PM (IST)
Updated Date: Thu, 23 Apr 2026 06:34 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਮਾਰਕਸੀ ਫਲਸਫੇ ਦੇ ਮਹਾਨ ਚਿੰਤਕ ਤੇ ਸਮਾਜਵਾਦੀ ਵਿਚਾਰਧਾਰਾ ਦੇ ਮਾਰਗਦਰਸ਼ਕ ਵਲਾਦੀਮੀਰ ਇਲੀਚ ਲੈਨਿਨ ਦੇ ਜਨਮ ਦਿਹਾੜੇ ਮੌਕੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ। ਇਸ ਵਿਚਾਰ-ਚਰਚਾ ’ਚ ਖਾਸ ਤੌਰ 'ਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਭਾਈਵਾਲੀ ਰਹੀ। ਸਮਾਗਮ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਦੀ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ ਪ੍ਰਗਟ ਕੀਤੇ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਕੌਮਾਂਤਰੀ ਹਾਲਾਤ ’ਚ ਜੰਗੀ ਤਣਾਅ, ਫਿਰਕੂ ਫਾਸ਼ੀਵਾਦ ਅਤੇ ਕਾਰਪੋਰੇਟ ਹਿੱਤਾਂ ਦੇ ਵਧਦੇ ਪ੍ਰਭਾਵ ਕਾਰਨ ਦੁਨੀਆ ਭਰ ਵਿੱਚ ਅਸਥਿਰਤਾ ਵਧ ਰਹੀ ਹੈ। ਇਸ ਪ੍ਰਸੰਗ ਵਿੱਚ ਲੈਨਿਨ ਦੀ ਵਿਚਾਰਧਾਰਾ ਅਤੇ ਉਸ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਸੰਗਕ ਬਣਦੀਆਂ ਜਾ ਰਹੀਆਂ ਹਨ। ਸਾਹਿਤਕ ਪੱਖੋਂ ਸ਼ਿਵ ਕੁਮਾਰ ਬਟਾਲਵੀ ਦੀ ਲੈਨਿਨ ਨੂੰ ਸਮਰਪਿਤ ਕਵਿਤਾ ਅਤੇ ਗਾਇਕ ਉਦਾਸੀ ਦਾ ਗੀਤ ਵੀ ਚਰਚਾ ਦਾ ਹਿੱਸਾ ਬਣੇ। ਅੰਤ ’ਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਭ ਸਮਾਜਿਕ ਅਤੇ ਲੋਕਹਿਤੈਸ਼ੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੈਨਿਨ ਦੀਆਂ ਸਿੱਖਿਆਵਾਂ ਨੂੰ ਅਜੋਕੇ ਸਮੇਂ ਨਾਲ ਜੋੜਦਿਆਂ ਖਾਸ ਕਰਕੇ ਨੌਜਵਾਨਾਂ ਵਿੱਚ ਸਿੱਖਿਆ ਕੈਂਪ ਲਗਾਉਣ।