ਮਜ਼ਦੂਰ ਆਗੂ ਹਰਭਜਨ ਸਿੰਘ ਮਲਸੀਆਂ ਨੂੰ ਭਾਵਭਿੰਨੀ ਅੰਤਿਮ ਵਿਦਾਇਗੀ
ਮਜ਼ਦੂਰ ਆਗੂ ਹਰਭਜਨ ਸਿੰਘ ਮਲਸੀਆਂ ਨੂੰ ਭਾਵਭਿੰਨੀ ਅੰਤਿਮ ਵਿਦਾਇਗੀ
Publish Date: Fri, 06 Feb 2026 06:43 PM (IST)
Updated Date: Fri, 06 Feb 2026 06:44 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਇਨਕਲਾਬੀ ਜਮਹੂਰੀ ਲਹਿਰ ਦੇ ਸਰਗਰਮ ਕਾਰਕੁੰਨ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਜਨ ਸਿੰਘ ਮਲਸੀਆਂ ਨੂੰ ਅੱਜ ਉਨ੍ਹਾਂ ਦੇ ਪਿੰਡ ਮਲਸੀਆਂ ’ਚ ਉਸਦੇ ਸੰਗੀ ਸਾਥੀਆਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਪੱਤੀ ਆਕਲਪੁਰ ਦੇ ਸ਼ਮਸ਼ਾਨ ਘਾਟ ਵਿਖੇ ਇਨਕਲਾਬੀ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਸਬਾ ਮਲਸੀਆਂ ਨੇੜਲੇ ਪਿੰਡ ਕੁਹਾੜ ਕਲਾਂ ਵਿਖੇ ਪੈਦਾ ਹੋਣ ਵਾਲੇ ਹਰਭਜਨ ਸਿੰਘ ਨੇ ਲੰਮਾਂ ਸਮਾਂ ਨਾ ਕਿ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ’ਚ ਕੰਮ ਕੀਤਾ ਬਲਕਿ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਹਰ ਵਰਗ ਦੇ ਸੰਘਰਸ਼ਾਂ ’ਚ ਉਹ ਮੋਹਰੀ ਰਹੇ। ਸਾਮਰਾਜਵਾਦੀ, ਫਿਰਕੂ ਫਾਸ਼ੀਵਾਦੀ ਤਾਕਤਾਂ ਤੇ ਜਾਗੀਰੂ ਜਬਰ ਖ਼ਿਲਾਫ਼ ਹਿੱਕ ਡਾਹ ਕੇ ਖੜ੍ਹਦੇ ਰਹੇ, ਬਿਜਲੀ ਬੋਰਡ ਤੋਂ ਰਿਟਾਇਰ ਹੋਣ ਉਪਰੰਤ ਉਨ੍ਹਾਂ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ ਤੇ ਅਨੇਕਾਂ ਮਜ਼ਦੂਰ ਮਸਲਿਆਂ ਮੌਕੇ ਉਹ ਮਜ਼ਦੂਰਾਂ ਨਾਲ ਡਟ ਕੇ ਖੜ੍ਹੇ ਪਰ ਪਿਛਲੇ ਪੰਜ ਸਾਲਾਂ ਤੋਂ ਉਹ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ ਜਿਹੜੀ ਜਾਨਲੇਵਾ ਸਾਬਤ ਹੋਈ। ਸਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਸ਼ ਮਾਲੜੀ, ਸੁਖਜਿੰਦਰ ਲਾਲੀ, ਹਰਪਾਲ ਬਿੱਟੂ, ਸਤਨਾਮ ਉੱਗੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮੋਹਨ ਸਿੰਘ, ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਮਨਜੀਤ ਸਿੰਘ, ਉਨ੍ਹਾਂ ਦੇ ਪੁਰਾਣੇ ਸੰਗੀ ਨਿਰਮਲ ਸਿੰਘ ਜਹਾਂਗੀਰ ਤੇ ਬਲਵੰਤ ਸਿੰਘ ਮਲਸੀਆਂ, ਦਿਹਾਤੀ ਮਜ਼ਦੂਰ ਸਭਾ ਵੱਲੋਂ ਨਿਰਮਲ ਸਿੰਘ ਸਹੋਤਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੁਖਵਿੰਦਰ ਬਾਗਪੁਰ, ਪ੍ਰਿਤਪਾਲ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਮਾਸਟਰ ਗੁਰਮੀਤ ਕੋਟਲੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਗਿਆਨ ਸੈਦਪੁਰੀ ਤੋਂ ਇਲਾਵਾ ਟੀਐੱਸ ਯੂ ਆਗੂ ਹਰਮੇਸ਼ ਲਾਲ ਤੋਂ ਇਲਾਵਾ ਸ਼੍ਰੋਮਣੀ ਰੰਘਰੇਟਾ ਦਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਚੀਮਾ ਤੇ ਬਹੁਤ ਸਾਰੇ ਸਾਥੀ ਸ਼ਾਮਲ ਸਨ।