ਨਗਰ ਨਿਗਮ ਦੀ ਪਾਰਕਿੰਗ ਫੀਸ ’ਚ ਗਬਨ, ਇਕ ਕਰਮਚਾਰੀ ਸਸਪੈਂਡ, ਨਵੀਂ ਟੀਮ ਤਾਇਨਾਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਮੁੱਖ ਦਫ਼ਤਰ ਦੇ ਐਂਟਰੀ ’ਤੇ ਬਣੀ ਪਾਰਕਿੰਗ ਦੀ ਫੀਸ ’ਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਾਇਨਾਤ ਕਲਰਕ ਨੇ ਪਿਛਲੇ ਕੁਝ ਸਮੇਂ ਤੋਂ ਇਕੱਠੀ ਹੋ ਰਹੀ ਫੀਸ ਨਿਗਮ ਦਫ਼ਤਰ ’ਚ ਜਮ੍ਹਾਂ ਨਹੀਂ ਕਰਵਾਈ। ਤਹਿਬਾਜ਼ਾਰੀ ਬ੍ਰਾਂਚ ਦੇ ਸੁਪਰਡੈਂਟ ਨੇ ਕੁਝ ਦਿਨ ਪਹਿਲਾਂ ਪਾਰਕਿੰਗ ਦੀ ਜਾਂਚ ਕੀਤੀ ਸੀ ਤੇ ਕਲਰਕ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਕਲਰਕ ਨੇ ਕਿਹਾ ਕਿ ਉਹ ਫੀਸ ਜਮ੍ਹਾਂ ਕਰਵਾ ਦੇਵੇਗਾ ਪਰ ਉਸ ਨੇ ਅਜਿਹਾ ਨਹੀਂ ਕੀਤਾ। ਕਲਰਕ ਕੋਲ ਨਿਗਮ ਦਾ ਕਰੀਬ 50 ਹਜ਼ਾਰ ਰੁਪਏ ਬਕਾਇਆ ਹੈ। ਸੁਪਰਡੈਂਟ ਨੇ ਇਹ ਵੀ ਪਤਾ ਲਾਇਆ ਕਿ ਪਿਛਲੇ ਸਮੇਂ ’ਚ ਜਿੰਨਾ ਪੈਸਾ ਜਮ੍ਹਾਂ ਕਰਵਾਇਆ ਗਿਆ, ਉਸ ਤੋਂ ਕਾਫੀ ਵੱਧ ਗੱਡੀਆਂ ਪਾਰਕਿੰਗ ’ਚ ਖੜ੍ਹੀਆਂ ਹੋ ਰਹੀਆਂ ਸਨ। ਇਸ ਦੀ ਰਿਪੋਰਟ ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ ਨੂੰ ਦਿੱਤੀ ਗਈ, ਜਿਨ੍ਹਾਂ ਨੇ ਕਲਰਕ ਨੂੰ ਮੁਅੱਤਲ ਕਰ ਦਿੱਤਾ ਹੈ। ਪਾਰਕਿੰਗ ’ਚ ਦੋ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ’ਚੋਂ ਦੂਜੇ ਮੁਲਾਜ਼ਮ ਨੂੰ ਬੇਕਸੂਰ ਪਾਇਆ ਗਿਆ ਹੈ। ਨਿਗਮ ਨੇ ਹੁਣ ਪਾਰਕਿੰਗ ਥਾਂ ’ਤੇ ਚਾਰ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ। ਦੋ ਸਵੇਰੇ ਡਿਊਟੀ ਕਰਨਗੇ ਤੇ ਦੋ ਸ਼ਾਮ ਨੂੰ ਡਿਊਟੀ ਨਿਭਾਉਣਗੇ। ਦੱਸਣਯੋਗ ਹੈ ਕਿ ਪਾਰਕਿੰਗ ਦਾ ਠੇਕਾ ਖਤਮ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਨਿਗਮ ਨੇ ਆਪਣੇ ਮੁਲਾਜ਼ਮ ਲਾਏ ਸਨ। ਨਿਗਮ ਮੁੱਖ ਦਫ਼ਤਰ ਦੀ ਇਸ ਪਾਰਕਿੰਗ ਦੇ ਦੋ ਫਲੋਰ ਹਨ ਗ੍ਰਾਊਂਡ ਫਲੋਰ ਤੇ ਬੇਸਮੈਂਟ ਜਿੱਥੇ ਲਗਪਗ 200 ਗੱਡੀਆਂ ਖੜ੍ਹੀਆਂ ਕਰਨ ਦੀ ਸਮਰੱਥਾ ਹੈ। ਇਹ ਪਾਰਕਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਦਿਲਕੁਸ਼ਾ ਮਾਰਕੀਟ ਤੇ ਆਸ-ਪਾਸ ਦੇ ਤੰਗ ਇਲਾਕਿਆਂ ਦੇ ਬਾਜ਼ਾਰਾਂ ਤੇ ਮੁਹੱਲਿਆਂ ਨੇੜੇ ਹੈ। ਤੰਗ ਮੁਹੱਲਿਆਂ ਦੇ ਨਿਵਾਸੀ ਇੱਥੇ ਨਿਯਮਿਤ ਤੌਰ ’ਤੇ ਗੱਡੀਆਂ ਖੜ੍ਹੀਆਂ ਕਰਦੇ ਹਨ ਤੇ ਨਿਗਮ ਵੱਲੋਂ ਮਹੀਨਾਵਾਰ ਫੀਸ ਵੀ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ, ਰੋਜ਼ਾਨਾ ਦੁਕਾਨਦਾਰ ਤੇ ਖਰੀਦਦਾਰੀ ਲਈ ਆਉਣ ਵਾਲੇ ਲੋਕ ਵੀ ਇਸ ਪਾਰਕਿੰਗ ਦੀ ਵਰਤੋਂ ਕਰਦੇ ਹਨ। ਕਲਰਕ ਵੱਲੋਂ ਗੱਡੀਆਂ ਦੀ ਗਿਣਤੀ ਘੱਟ ਦਿਖਾਉਣ ਕਾਰਨ ਨਿਗਮ ਨੂੰ ਪੱਕੀ ਪਾਰਕਿੰਗ ਤੋਂ ਵੀ ਘੱਟ ਆਮਦਨ ਮਿਲ ਰਹੀ ਸੀ ਤੇ ਰੋਜ਼ਾਨਾ ਇਕੱਠੀ ਹੋਣ ਵਾਲੀ ਰਕਮ ਵੀ ਜਮ੍ਹਾਂ ਨਹੀਂ ਕਰਵਾਈ ਜਾ ਰਹੀ ਸੀ। ਨਿਗਮ ਦੀਆਂ ਪਾਰਕਿੰਗ ਸਾਈਟਾਂ ’ਤੇ ਅਧਿਕਾਰੀਆਂ ਦੀ ਘੱਟ ਨਿਗਰਾਨੀ ਕਾਰਨ ਪਹਿਲਾਂ ਵੀ ਕਈ ਵਾਰ ਗੜਬੜੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਪਹਿਲਾਂ ਰੰਗਲਾ ਵੇਹੜਾ ਦੀ ਪਾਰਕਿੰਗ ‘ਤੇ ਮਾਫੀਆ ਨੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਨਿਗਮ ਨੇ ਕਈ ਮਹੀਨਿਆਂ ਬਾਅਦ ਮੁਸ਼ਕਿਲ ਨਾਲ ਖਾਲੀ ਕਰਵਾਇਆ ਸੀ। ਹਾਲਾਂਕਿ, ਰੰਗਲਾ ਵੇਹੜਾ ਪਾਰਕਿੰਗ ਨੇੜੇ ਸੜਕ ’ਤੇ ਮਾਫੀਆ ਅਜੇ ਵੀ ਸਰਗਰਮ ਹੈ।
-------------------------
ਡੀਜ਼ਲ ਘੁਟਾਲੇ ਨਾਲ ਵਿਰੋਧੀ ਧਿਰ ਨੂੰ ਮੁੱਦਾ ਮਿਲਿਆ
ਪਾਰਕਿੰਗ ਫੀਸ ’ਚ ਗਬਨ ਤੋਂ ਪਹਿਲਾਂ ਮੰਗਲਵਾਰ ਨੂੰ ਨਿਗਮ ਦੀ ਇੱਕ ਗੱਡੀ ਨਾਲ ਜੁੜਿਆ ਡੀਜ਼ਲ ਘੁਟਾਲਾ ਵੀ ਸਾਹਮਣੇ ਆਇਆ। ਇਸ ਘੁਟਾਲੇ ਨਾਲ ਵਿਰੋਧੀ ਧਿਰ ਨੂੰ ਮੁੱਦਾ ਮਿਲ ਗਿਆ ਹੈ। ਸਕਿਊਰਿਟੀ ਲਈ ਦਿੱਤੀ ਗਈ ਬਲੈਰੋ ਗੱਡੀ ਦਾ ਡਰਾਈਵਰ ਪਿਛਲੇ ਇਕ ਹਫ਼ਤੇ ਤੋਂ ਹਰ ਰੋਜ਼ ਦੁੱਗਣਾ ਡੀਜ਼ਲ ਲੈ ਰਿਹਾ ਸੀ। ਮੰਗਲਵਾਰ ਨੂੰ ਜਦੋਂ ਮੇਅਰ ਵਨੀਤ ਧੀਰ ਨੇ ਦੁਪਹਿਰ ਨੂੰ ਗੱਡੀ ਮੰਗਵਾਈ ਤਾਂ ਪਤਾ ਲੱਗਾ ਕਿ ਗੱਡੀ ’ਚ ਡੀਜ਼ਲ ਹੀ ਨਹੀਂ ਸੀ। ਜਦੋਂ ਗੱਡੀ ਪੰਪ ‘ਤੇ ਡੀਜ਼ਲ ਪਵਾਉਣ ਗਈ ਤਾਂ ਉੱਥੋਂ ਪਤਾ ਲੱਗਾ ਕਿ ਇਸ ਗੱਡੀ ਲਈ ਸਵੇਰੇ ਹੀ 45 ਲੀਟਰ ਡੀਜ਼ਲ ਦੀ ਪਰਚੀ ਜਾਰੀ ਹੋ ਚੁੱਕੀ ਸੀ, ਜਦਕਿ ਗੱਡੀ ਸਵੇਰੇ ਕਿਤੇ ਗਈ ਹੀ ਨਹੀਂ ਸੀ। ਮੇਅਰ ਦੇ ਹੁਕਮਾਂ ‘ਤੇ ਪੰਪ ਮਾਲਕ ਤੇ ਡਰਾਈਵਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ।
------------------------------
ਸੀਵੀਓ ਦੀਆਂ ਦੋ ਜਾਂਚਾਂ ’ਚ ਫਸ ਸਕਦੇ ਹਨ ਕਈ ਮੁਲਾਜ਼ਮ
ਨਿਗਮ ਦੇ ਕੰਮਕਾਜ ਨੂੰ ਲੈ ਕੇ ਚੀਫ ਵਿਜੀਲੈਂਸ ਦੀ ਜਾਂਚ ਵੀ ਚੱਲ ਰਹੀ ਹੈ। ਖ਼ਾਸ ਤੌਰ ’ਤੇ ਬਿਲਡਿੰਗ ਬ੍ਰਾਂਚ ਤੇ ਸੀਵਰੇਜ-ਸਟਰੀਟ ਲਾਈਟਸ ਨਾਲ ਸਬੰਧਤ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 15 ਦਿਨਾਂ ’ਚ ਦੋ ਵਾਰ ਚੀਫ ਵਿਜੀਲੈਂਸ ਅਧਿਕਾਰੀ ਸ਼ਹਿਰ ’ਚ ਜਾਂਚ ਲਈ ਆ ਚੁੱਕੇ ਹਨ। ਸ਼ਹਿਰ ’ਚ ਕਈ ਥਾਵਾਂ ’ਤੇ ਬਿਨਾਂ ਮਨਜ਼ੂਰੀ ਬਣ ਰਹੀਆਂ ਇਮਾਰਤਾਂ ਤੇ ਵਿਕਸਿਤ ਹੋ ਰਹੀਆਂ ਗੈਰ-ਕਾਨੂੰਨੀ ਕਾਲੋਨੀਆਂ ਦਾ ਰਿਕਾਰਡ ਵੀ ਮੰਗਿਆ ਗਿਆ ਹੈ। ਇਸ ਜਾਂਚ ’ਚ ਵੀ ਨਿਗਮ ਦੇ ਕਈ ਮੁਲਾਜ਼ਮਾਂ ’ਤੇ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ, ਸੀਵਰੇਜ ਦੇ ਨਵੇਂ ਕੰਮਾਂ ਦੇ ਅੰਦਾਜ਼ੇ ਤੇ ਸਟਰੀਟ ਲਾਈਟਸ ਦੇ ਕੰਮ ਦੀ ਵੀ ਜਾਂਚ ਕੀਤੀ ਜਾ ਰਹੀ ਹੈ।