ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀ ਚੋਣ ਅੱਜ
ਕੋਰਮ ਪੂਰਾ ਨਾ ਹੋਣ ਕਾਰਨ ਬਲਾਕ ਰੁੜਕਾ ਕਲਾਂ ਦੀ ਚੇਅਰਮੈਨੀ ਦੀ ਚੋਣ ਕੱਲ੍ਹ ਤੱਕ ਟਲੀ
Publish Date: Tue, 10 Mar 2026 07:22 PM (IST)
Updated Date: Tue, 10 Mar 2026 07:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਹਲਕਾ ਫਿਲੌਰ ਦੇ ਬਲਾਕ ਰੁੜਕਾ ਕਲਾਂ ’ਚ ਮੰਗਲਵਾਰ ਨੂੰ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀ ਚੋਣ ਹੋਣੀ ਸੀ ਪਰ ਕੋਰਮ ਪੂਰਾ ਨਾ ਹੋਣ ਕਾਰਨ ਚੋਣ ਪ੍ਰਕਿਰਿਆ ਮੁਲਤਵੀ ਕਰਨੀ ਪਈ। ਹੁਣ ਇਹ ਚੋਣ ਬੁੱਧਵਾਰ ਨੂੰ ਦੁਪਹਿਰ ਡੇਢ ਵਜੇ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਬਲਾਕ ਰੁੜਕਾ ਕਲਾਂ ’ਚ ਕੁੱਲ 15 ਬਲਾਕ ਸੰਮਤੀ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ’ਚ 4 ਸ਼੍ਰੋਮਣੀ ਅਕਾਲੀ ਦਲ, 2 ਕਾਂਗਰਸ, 2 ਬਹੁਜਨ ਸਮਾਜ ਪਾਰਟੀ, 3 ਆਮ ਆਦਮੀ ਪਾਰਟੀ ਤੇ 4 ਆਜ਼ਾਦ ਉਮੀਦਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਵਾਲੇ ਸਨ, ਜਿਸ ਨਾਲ ਕੁੱਲ 16 ਮੈਂਬਰਾਂ ਵੱਲੋਂ ਵੋਟਿੰਗ ’ਚ ਹਿੱਸਾ ਲਿਆ ਜਾਣਾ ਸੀ। ਐੱਸਡੀਐੱਮ ਫਿਲੌਰ ਦੀਪਕ ਭਾਟੀਆ ਦੀ ਦੇਖਰੇਖ ਹੇਠ ਸਵੇਰੇ 11 ਵਜੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਦੌਰਾਨ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਨਾਲ ਬਲਾਕ ਸੰਮਤੀ ਮੈਂਬਰ ਅਮਨਦੀਪ ਕੌਰ ਤੇ ਜਸਪਾਲ ਮਹਿਮੀ ਮੌਕੇ ’ਤੇ ਪਹੁੰਚੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਵੀਨਾ ਰਾਣੀ, ਮਾਸਟਰ ਸੋਢੀ ਰਾਮ ਤੇ ਆਜ਼ਾਦ ਉਮੀਦਵਾਰ ਰਿੰਕੀ ਰਾਣੀ ਤੇ ਗੁਰਪ੍ਰੀਤ ਕੌਰ ਸਮੇਤ ਕੁੱਲ 7 ਮੈਂਬਰ ਮੌਜੂਦ ਰਹੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ 4, ਬਹੁਜਨ ਸਮਾਜ ਪਾਰਟੀ ਦੇ 2, ਆਮ ਆਦਮੀ ਪਾਰਟੀ ਦੀ 1 ਤੇ 2 ਆਜ਼ਾਦ ਉਮੀਦਵਾਰ ਚੋਣ ਪ੍ਰਕਿਰਿਆ ’ਚ ਸ਼ਾਮਲ ਨਹੀਂ ਹੋਏ। ਇਸ ਕਾਰਨ ਕੋਰਮ ਪੂਰਾ ਨਾ ਹੋ ਸਕਿਆ ਤੇ ਚੋਣ ਨੂੰ ਅਗਲੇ ਦਿਨ ਲਈ ਟਾਲ ਦਿੱਤਾ ਗਿਆ।