ਲੁੱਟ-ਖੋਹ ਕਰਨ ਵਾਲੇ ਪੰਜ ਘੰਟਿਆਂ ’ਚ ਕਾਬੂ
ਇਲੈਕਟਿਸ਼ਨ ਤੋਂ ਖੋਹ ਕਰਨ ਵਾਲੇ ਪੰਜ ਘੰਟਿਆਂ ਵਿੱਚ ਕਾਬੂ
Publish Date: Thu, 02 Apr 2026 10:39 PM (IST)
Updated Date: Thu, 02 Apr 2026 10:43 PM (IST)

ਮੁਲਜ਼ਮਾਂ ’ਚ ਇਕ ਲੜਕੀ ਤੇ ਇਕ ਨਬਾਲਿਗ ਵੀ ਸ਼ਾਮਲ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਸਦਰ ਦੀ ਪੁਲਿਸ ਨੇ ਇਕ ਇਲੈਕਟ੍ਰੀਸ਼ਨ ਨੂੰ ਜਖਮੀ ਕਰਕੇ ਮੋਟਰਸਾਈਕਲ ਅਤੇ ਮੋਬਾਈਲ ਖੋਹਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੰਜ ਘੰਟਿਆਂ ’ਚ ਹੀ ਕਾਬੂ ਕਰ ਲਿਆ। ਮੁਲਜ਼ਮਾਂ ਵਿਚ ਇੱਕ ਲੜਕੀ ਅਤੇ ਇੱਕ ਨਬਾਲਿਗ ਨੌਜਵਾਨ ਵੀ ਸ਼ਾਮਿਲ ਹੈ, ਜਿਨ੍ਹਾਂ ਕੋਲੋਂ ਲੁੱਟਿਆ ਹੋਇਆ ਮੋਬਾਈਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਤਪਾਲ ਵਾਸੀ ਪਿੰਡ ਉਸਮਾਨਪੁਰ ਜੋ ਬਿਜਲੀ ਮਕੈਨਿਕ ਦਾ ਕੰਮ ਕਰਦਾ ਹੈ ਖਾਂਬਰਾ ਤੋਂ ਮੋਟਰਸਾਈਕਲ ’ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਜਦ ਉਹ ਰਿਚਮੰਡ ਰੈਜੀਡੈਂਸੀ ਲਾਗੇ ਪੁੱਜਾ ਤਾਂ ਇਕ ਲੜਕੀ ਨੇ ਉਸ ਨੂੰ ਲਿਫਟ ਲੈਣ ਦੇ ਬਹਾਨੇ ਰੋਕਿਆ। ਜਦ ਮੋਟਰਸਾਈਕਲ ਰੋਕਿਆ ਤਾਂ ਲੜਕੀ ਦੇ ਪਿੱਛੇ ਦੋ ਹੋਰ ਨੌਜਵਾਨ ਜਿਨ੍ਹਾਂ ਦੇ ਹੱਥ ’ਚ ਹਥਿਆਰ ਸਨ, ਵੀ ਉਸ ਕੋਲ ਆ ਗਏ ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਮੋਟਰਸਾਈਕਲ ਤੇ ਮੋਬਾਈਲ ਖੋਹ ਲਿਆ। ਲੋਕਾਂ ਨੇ ਜ਼ਖਮੀ ਹਾਲਤ ’ਚ ਸੱਤਪਾਲ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਤੇ ਸਬ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਥਾਣਾ ਸਦਰ ’ਚ ਸੱਤਪਾਲ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸਬ-ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਇਸ ਮਾਮਲੇ ’ਚ ਪਵਨਪ੍ਰੀਤ ਸਿੰਘ ਉਰਫ ਬੱਗਾ ਵਾਸੀ ਲਤੀਫਪੁਰਾ, ਸੋਨੀਆ ਕਲਿਆਣ ਵਾਸੀ ਮਲਕੋ ਤਰਾੜ ਤੇ ਇਕ ਨਬਾਲਿਗ ਨੂੰ ਗ੍ਰਿਫਤਾਰ ਕਰਕੇ ਲੁੱਟਿਆ ਹੋਇਆ ਮੋਟਰਸਾਈਕਲ, ਮੋਬਾਈਲ, ਦਾਤਰ ਤੇ ਇਕ ਖੰਡਾ ਬਰਾਮਦ ਕਰ ਲਿਆ। ਫੜੇ ਗਏ ਮੁਲਜ਼ਮ ਪਵਨਪ੍ਰੀਤ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਤਿੰਨ ਮਾਮਲੇ ਦਰਜ ਹਨ। ਪੁਲਿਸ ਰਿਮਾਂਡ ’ਤੇ ਲੈ ਕੇ ਇਨ੍ਹਾਂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।