ਬੁਜ਼ੁਰਗ ਔਰਤ ਨਾਲ ਡੇਢ ਲੱਖ ਦੀ ਸਾਈਬਰ ਠੱਗੀ
ਅਕਾਊਂਟ ਹੈਕ ਦਾ ਝਾਂਸਾ ਦੇ ਕੇ ਬੁਜ਼ੁਰਗ ਮਹਿਲਾ ਨਾਲ ਡੇਢ ਲੱਖ ਦੀ ਸਾਇਬਰ ਠੱਗੀ
Publish Date: Thu, 19 Mar 2026 11:28 PM (IST)
Updated Date: Thu, 19 Mar 2026 11:31 PM (IST)

-ਲਿੰਕ ’ਤੇ ਕਲਿੱਕ ਕਰਦੇ ਹੀ ਖਾਲੀ ਹੋ ਗਿਆ ਖਾਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਦੇਸ਼ ਤੋਂ ਵਾਪਸ ਆਈ ਇਕ ਬਜ਼ੁਰਗ ਔਰਤ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਈ, ਜਦੋਂ ਉਸਨੂੰ “ਤੁਹਾਡਾ ਬੈਂਕ ਅਕਾਊਂਟ ਹੈਕ ਹੋ ਗਿਆ ਹੈ” ਦਾ ਮੈਸੇਜ ਭੇਜ ਕੇ ਇਕ ਲਿੰਕ ’ਤੇ ਕਲਿੱਕ ਕਰਨ ਲਈ ਕਿਹਾ ਗਿਆ। ਜਿਵੇਂ ਹੀ ਔਰਤ ਨੇ ਅਕਾਊਂਟ ਅਪਡੇਟ ਕਰਨ ਲਈ ਉਸ ਲਿੰਕ ਨੂੰ ਖੋਲ੍ਹਿਆ, ਕੁਝ ਹੀ ਮਿੰਟਾਂ ’ਚ ਉਸਦੇ ਬੈਂਕ ਖਾਤੇ ’ਚੋਂ ਲਗਪਗ ਡੇਢ ਲੱਖ ਰੁਪਏ ਕੱਢ ਲਏ ਗਏ। ਘਟਨਾ ਤੋਂ ਬਾਅਦ ਪੀੜਤਾ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਟੀਮ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਦੇ ਨਕਲੀ ਮੈਸੇਜਾਂ ਰਾਹੀਂ ਠੱਗ ਹੋਰ ਕਈ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਚੁੱਕੇ ਹਨ। ਸਾਈਬਰ ਠੱਗ ਲੋਕਾਂ ਦੀ ਜਾਣਕਾਰੀ ਤੇ ਮਨੋਵਿਗਿਆਨ ਦਾ ਫਾਇਦਾ ਚੁੱਕਦੇ ਹੋਏ ਉਨ੍ਹਾਂ ਨੂੰ ਜਾਲ ’ਚ ਫਸਾਉਂਦੇ ਹਨ। “ਅਕਾਊਂਟ ਹੈਕ”, “ਕੇਵਾਈਸੀ ਅਪਡੇਟ”, “ਬੈਂਕ ਬੰਦ ਹੋ ਜਾਵੇਗਾ” ਵਰਗੇ ਡਰਾਉਣੇ ਮੈਸੇਜ ਭੇਜੇ ਜਾਂਦੇ ਹਨ ਤਾਂ ਜੋ ਵਿਅਕਤੀ ਘਬਰਾ ਕੇ ਬਿਨਾਂ ਸੋਚੇ-ਸਮਝੇ ਤੁਰੰਤ ਕਾਰਵਾਈ ਕਰੇ। ਜਦੋਂ ਵਿਅਕਤੀ ਲਿੰਕ ’ਤੇ ਕਲਿੱਕ ਕਰਦਾ ਹੈ ਤਾਂ ਉਸਨੂੰ ਇਕ ਫ਼ਰਜ਼ੀ ਵੈੱਬਸਾਈਟ ’ਤੇ ਲਿਜਾਇਆ ਜਾਂਦਾ ਹੈ ਜੋ ਬਿਲਕੁਲ ਅਸਲੀ ਬੈਂਕ ਵਰਗੀ ਦਿਖਦੀ ਹੈ। ਉੱਥੇ ਯੂਜ਼ਰ ਤੋਂ ਉਸਦੀ ਨਿੱਜੀ ਜਾਣਕਾਰੀ ਜਿਵੇਂ ਬੈਂਕ ਯੂਜ਼ਰ ਆਈਡੀ, ਪਾਸਵਰਡ, ਓਟੀਪੀ ਤੇ ਕਾਰਡ ਡੀਟੇਲ ਮੰਗੀ ਜਾਂਦੀ ਹੈ। ਜਿਵੇਂ ਹੀ ਇਹ ਜਾਣਕਾਰੀ ਠੱਗਾਂ ਤੱਕ ਪਹੁੰਚਦੀ ਹੈ, ਉਹ ਤੁਰੰਤ ਖਾਤੇ ’ਚੋਂ ਪੈਸੇ ਕੱਢ ਲੈਂਦੇ ਹਨ। ਕਈ ਮਾਮਲਿਆਂ ’ਚ ਲਿੰਕ ’ਤੇ ਕਲਿੱਕ ਕਰਦੇ ਹੀ ਫੋਨ ’ਚ ਮਾਲਵੇਅਰ (ਵਾਇਰਸ) ਵੀ ਇੰਸਟਾਲ ਹੋ ਜਾਂਦਾ ਹੈ, ਜਿਸ ਨਾਲ ਠੱਗ ਮੋਬਾਈਲ ਦਾ ਪੂਰਾ ਕੰਟਰੋਲ ਹਾਸਲ ਕਰ ਲੈਂਦੇ ਹਨ। -------------------------- ਥੋੜੀ ਜਿਹੀ ਲਾਪਰਵਾਹੀ ਵੀ ਵੱਡੇ ਨੁਕਸਾਨ ਦਾ ਕਾਰਣ ਬਣ ਸਕਦੀ ਹੈ। ਜਾਗਰੂਕਤਾ ਤੇ ਸਾਵਧਾਨੀ ਹੀ ਅਜਿਹੇ ਅਪਰਾਧਾਂ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਹੈ। ਕਿਸੇ ਵੀ ਤਰ੍ਹਾਂ ਦੀ ਠੱਗੀ ਹੋਣ ’ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰੋ। ਸਮੇਂ ਸਿਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ