ਬਜ਼ੁਰਗ ਮਾਂ ਪੁੱਤਰ ਦੀ ਭਾਲ ’ਚ ਦਰ-ਦਰ ਭਟਕਣ ਲਈ ਮਜਬੂਰ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Fri, 06 Mar 2026 11:02 PM (IST)
Updated Date: Fri, 06 Mar 2026 11:06 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਭਾਰਗੋ ਕੈਂਪ ਇਲਾਕੇ ਤੋਂ ਇੱਕ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਰਾਤਰੀ ਮੇਲੇ ’ਚ ਸ਼ਾਮਲ ਹੋਣ ਲਈ ਨਕੋਦਰ ਗਿਆ ਵਿਅਕਤੀ ਪਿਛਲੇ 20 ਦਿਨਾਂ ਤੋਂ ਘਰ ਵਾਪਸ ਨਹੀਂ ਆਇਆ ਹੈ। ਆਪਣੇ ਪੁੱਤਰ ਦੀ ਖ਼ਬਰ ਨਾ ਮਿਲਣ ਕਾਰਨ ਪਰਿਵਾਰ ਬਹੁਤ ਚਿੰਤਤ ਹੈ, ਜਦਕਿ ਬਜ਼ੁਰਗ ਮਾਂ ਉਸ ਦੀ ਭਾਲ ਵਿੱਚ ਦਰ-ਦਰ ਭਟਕਣ ਲਈ ਮਜਬੂਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਸ਼ਿਵਰਾਤਰੀ ਦੇ ਮੌਕੇ 'ਤੇ ਨਕੋਦਰ ਵਿਚ ਲੱਗੇ ਮੇਲੇ ਵਿੱਚ ਸ਼ਾਮਲ ਹੋਣ ਲਈ ਘਰੋਂ ਗਿਆ ਸੀ ਪਰ ਉਦੋਂ ਤੋਂ ਵਾਪਸ ਨਹੀਂ ਆਇਆ। ਪਰਿਵਾਰ ਨੇ ਪਹਿਲਾਂ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਘਰਾਂ ’ਚ ਉਸਦੀ ਭਾਲ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ।
ਲਾਪਤਾ ਵਿਅਕਤੀ ਦੀ ਬਜ਼ੁਰਗ ਮਾਂ ਰੋ-ਰੋ ਕੇ ਬੁਰਾ ਹਾਲ ਹੈ। ਉਹ ਆਪਣੇ ਪੁੱਤਰ ਦੀ ਭਾਲ ਲਈ ਕਈ ਵਾਰ ਪੁਲਿਸ ਸਟੇਸ਼ਨ ਜਾ ਚੁੱਕੀ ਹੈ। ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਮਾਨਸਿਕ ਤੌਰ 'ਤੇ ਬਿਮਾਰ ਹੈ ਤੇ ਆਪਣੇ ਭੋਲੇ ਸੁਭਾਅ ਕਾਰਨ ਅਕਸਰ ਲੋਕਾਂ ਦੀਆਂ ਗੱਲਾਂ ’ਚ ਆ ਜਾਂਦਾ ਹੈ। ਇਸ ਲਈ ਉਸਨੂੰ ਡਰ ਹੈ ਕਿ ਉਸਦੇ ਪੁੱਤਰ ਨਾਲ ਕੁਝ ਅਣਸੁਖਾਵਾਂ ਨਾ ਵਾਪਰ ਗਿਆ ਹੋਵੇਗਾ। ਮਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇ ਕਿਸੇ ਨੂੰ ਉਸਦੇ ਪੁੱਤਰ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਪਰਿਵਾਰ ਜਾਂ ਪੁਲਿਸ ਨੂੰ ਸੂਚਿਤ ਕਰਨ। ਉਸ ਨੇ ਕਿਹਾ ਕਿ ਉਸ ਦਾ ਪੁੱਤਰ ਹੀ ਇੱਕੋ ਇੱਕ ਸਹਾਰਾ ਹੈ। ਸਥਾਨਕ ਨਿਵਾਸੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤੇ ਲਾਪਤਾ ਵਿਅਕਤੀ ਨੂੰ ਲੱਭਣ ਲਈ ਵਿਸ਼ੇਸ਼ ਯਤਨ ਕਰੇ ਤਾਂ ਜੋ ਉਸਨੂੰ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨਾਲ ਸੁਰੱਖਿਅਤ ਢੰਗ ਨਾਲ ਮਿਲਾਇਆ ਜਾ ਸਕੇ।