-ਪਵਿੱਤਰ ਰਮਜ਼ਾਨ ਮਹੀਨਾ ਸਮਾਪਤ,

-ਪਵਿੱਤਰ ਰਮਜ਼ਾਨ ਮਹੀਨਾ ਸਮਾਪਤ, ਸੰਸਦ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਸਮੇਤ ਕਈ ਸ਼ਖ਼ਸੀਅਤਾਂ ਹੋਈਆਂ ਸ਼ਾਮਲ
ਜਾਸ, ਜਲੰਧਰ : ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਪਵਿੱਤਰ ਮਹੀਨੇ ਰਮਜ਼ਾਨ ਦੀ ਸਮਾਪਤੀ ਸ਼ਨਿਚਰਵਾਰ ਨੂੰ ਹੋ ਗਈ ਹੈ। ਇਸ ਮੌਕੇ ’ਤੇ ਈਦ-ਉੱਲ-ਫਿਤਰ ਤਹਿਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ’ਚ ਖ਼ੁਦਾ ਦੀ ਇਬਾਦਤ ਲਈ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋਏ। ਇਸ ਦੌਰਾਨ ਸਿਰਫ ਮੁਸਲਮਾਨ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕਾਂ ਨੇ ਵੀ ਇਸ ਪਵਿੱਤਰ ਤਿਉਹਾਰ ਦੀ ਸ਼ੁੱਭ ਕਾਮਨਾਵਾਂ ਦਿੱਤੀਆਂ। ਗੁਲਾਬ ਦੇਵੀ ਰੋਡ ’ਤੇ ਸਥਿਤ ਸ਼ਹਿਰ ਦੀ ਸਭ ਤੋਂ ਵੱਡੀ ਈਦਗਾਹ ’ਚ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕਰਨ ਮੌਕੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਸਾਬਕਾ ਵਿਧਾਇਕ ਰਾਜਿੰਦਰ ਬੇਰੀ ਮੁੱਖ ਮਹਿਮਾਨ ਵਜੋਂ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਨਾਸਿਰ ਸਲਮਾਨੀ, ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ, ਆਲ ਇੰਡੀਆ ਜਮਾਤ-ਏ-ਸਲਮਾਨੀ ਟਰੱਸਟ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਹਾਜੀ ਆਬਿਦ ਹਸਨ ਸਲਮਾਨੀ ਖਾਸ ਤੌਰ ’ਤੇ ਸ਼ਾਮਲ ਹੋਏ।
ਈਦ ਦੇ ਮੌਕੇ ’ਤੇ ਤੜਕੇ ਛੇ ਵਜੇ ਤੋਂ ਗੁਲਾਬ ਦੇਵੀ ਰੋਡ ’ਤੇ ਚਹਿਲ-ਪਹਿਲ ਸ਼ੁਰੂ ਹੋ ਗਈ ਸੀ। ਇਸ ਮੌਕੇ ’ਤੇ ਨਾਸਿਰ ਸਲਮਾਨੀ ਤੇ ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਇਸਲਾਮ ’ਚ ਖੁਦਾ ਦੀ ਇਬਾਦਤ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਨੂੰ ਪ੍ਰੇਰਿਤ ਕੀਤਾ ਗਿਆ ਹੈ। ਇਸ ਨੂੰ ਸਮਾਜ ਦੇ ਹਰ ਵਰਗ ਨੂੰ ਆਪਣੇ ਜੀਵਨ ’ਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਤਿਉਹਾਰ ਆਪਸੀ ਭਾਈਚਾਰੇ ਲਈ ਪ੍ਰੇਰਿਤ ਕਰਦਾ ਹੈ, ਜਿਸ ਨੂੰ ਆਪਸੀ ਸਦਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਹੈ। ਨਮਾਜ਼ ਅਦਾ ਕਰਨ ਵਾਲਿਆਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ। ਇਸੇ ਤਰ੍ਹਾਂ ਹਾਜੀ ਆਬਿਦ ਹਸਨ ਸਲਮਾਨੀ ਨੇ ਕਿਹਾ ਕਿ ਈਦ ਦੇ ਤਿਉਹਾਰ ’ਤੇ ਇਕ-ਦੂਜੇ ਦੇ ਗਲੇ ਮਿਲਣ ਦਾ ਅਸਲ ਅਰਥ ਹੀ ਆਪਸੀ ਸਦਭਾਵਨਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਸਾਰੇ ਧਰਮ ਆਪਸੀ ਸਦਭਾਵਨਾ ਨੂੰ ਪ੍ਰੇਰਿਤ ਕਰਦੇ ਹਨ। ਇਸੇ ਲਈ ਤਿਉਹਾਰਾਂ ਨੂੰ ਆਪਸੀ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ।
---
-ਮਸਜਿਦਾਂ ਦੇ ਬਾਹਰ ਸਜੇ ਆਰਜ਼ੀ ਬਾਜ਼ਾਰ
ਈਦ ਦੇ ਮੌਕੇ ’ਤੇ ਸ਼ਹਿਰ ਦੀਆਂ ਮਸਜਿਦਾਂ ਦੇ ਬਾਹਰ ਆਰਜ਼ੀ ਬਾਜ਼ਾਰ ਸਜੇ। ਜਿੱਥੇ ਸੇਵੀਆਂ ਤੋਂ ਲੈ ਕੇ ਖਿਡੌਣਿਆਂ ਤੇ ਕੱਪੜਿਆਂ ਤੋਂ ਲੈ ਕੇ ਬਰਤਨਾਂ ਤੱਕ ਦੀ ਖਰੀਦਦਾਰੀ ਹੋਈ। ਵਰਕਸ਼ਾਪ ਚੌਕ ਤੋਂ ਈਦਗਾਹ ਨੂੰ ਜਾਂਦੇ ਰਾਹ 'ਤੇ ਦਾਖਲ ਹੁੰਦਿਆਂ ਹੀ ਮੇਲੇ ਦਾ ਅਹਿਸਾਸ ਹੋ ਰਿਹਾ ਸੀ। ਇੱਥੇ ਵੱਖ-ਵੱਖ ਚੀਜ਼ਾਂ ਦੇ ਸਟਾਲ ਲੱਗੇ ਹੋਏ ਸਨ। ਪੂਰੇ ਇਲਾਕੇ ’ਚ ਲੱਗੇ ਬਾਜ਼ਾਰ ’ਚ ਮੁਸਲਮਾਨ ਸਮਾਜ ਦੇ ਲੋਕਾਂ ਨੇ ਈਦ ਦੇ ਮੌਕੇ ’ਤੇ ਖਰੀਦਦਾਰੀ ਕੀਤੀ।
---
ਕਾਂਗਰਸ ਦੇ ਹਲਕੇ ਇੰਚਾਰਜ ਨੇ ਦਿੱਤੀ ਮੁਬਾਰਕਬਾਦ
ਇਸੇ ਤਰ੍ਹਾਂ ਕਤਨੀ ਗੇਟ ਪੁਰਾਣੀ ਜਾਮਾ ਮਸਜਿਦ ’ਚ ਈਦ-ਉੱਲ-ਫਿਤਰ ਦੀ ਨਮਾਜ਼ ਦੌਰਾਨ ਸਾਬਕਾ ਐੱਸਐੱਸਪੀ ਤੇ ਕਾਂਗਰਸ ਦੇ ਹਲਕੇ ਕਰਤਾਰਪੁਰ ਇੰਚਾਰਜ ਰਾਜਿੰਦਰ ਸਿੰਘ ਖਾਸ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਗਲੇ ਮਿਲ ਕੇ ਇਸ ਪਵਿੱਤਰ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਮਸਜਿਦ ਦੇ ਅਹੁਦੇਦਾਰਾਂ ਨੇ ਰਾਜਿੰਦਰ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪੰਜਾਬ ਮੁਸਲਮਾਨ ਡੈਮੋਕ੍ਰੇਟਿਕ ਫਰੰਟ ਦੇ ਸੂਬਾ ਪ੍ਰਧਾਨ ਅਖਤਰ ਸਲਮਾਨੀ ਨੇ ਕਿਹਾ ਕਿ ਤਿਉਹਾਰ ਤੇ ਪਵਿੱਤਰ ਦਿਨ ਭਾਰਤੀ ਸੰਸਕ੍ਰਿਤੀ ਦੇ ਅਨਿੱਖੜਵੇਂ ਅੰਗ ਹਨ। ਇਨ੍ਹਾਂ ਨੂੰ ਆਪਸੀ ਸਦਭਾਵਨਾ ਨਾਲ ਮਨਾਉਣ ’ਚ ਹੀ ਸਾਰਥਕਤਾ ਹੈ। ਰਾਜਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਗ੍ਰੰਥ ਆਪਸੀ ਸਦਭਾਵਨਾ ਲਈ ਪ੍ਰੇਰਿਤ ਕਰਦੇ ਹਨ। ਇਸੇ ਲਈ ਨਮਾਜ਼ ਅਦਾ ਕਰਦੇ ਸਮੇਂ ਮੁਸਲਮਾਨ ਭਾਈਚਾਰੇ ਦੇ ਲੋਕ ਸਮੂਹਿਕ ਤੌਰ ’ਤੇ ਸੰਸਾਰ ਦੀ ਉੱਨਤੀ ਤੇ ਸ਼ਾਂਤੀ ਦੀ ਕਾਮਨਾ ਕਰਦੇ ਹਨ। ਕਾਰੀ ਮਨਵਰ ਸਾਹਿਬ ਨੇ ਈਦ ਦੀ ਨਮਾਜ਼ ਅਦਾ ਕਰਵਾਈ। ਇਸ ਮੌਕੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਂਗਰਸ ਤੋਂ ਗੋਪਾਲ ਸੂਦ, ਕੌਂਸਲਰ ਬਾਲ ਮੁਕੰਦ ਬਾਲੀ, ਅਰਵਿੰਦ ਢਾਂਡਾ, ਗੋਰਾ, ਧਿਆਨ ਸਿੰਘ, ਰੇਨੂ ਸੇਠ, ਕਾਲਾ ਸੂਰੀ, ਮਸਜਿਦ ਪ੍ਰਧਾਨ ਕਯੂਮ ਅਹਿਮਦ, ਅਲੀ ਕਲਮ ਪ੍ਰਧਾਨ ਹਾਸਿਮ ਅਲਵੀ, ਪ੍ਰਧਾਨ ਮੁਸਤਕੀਮ ਅਹਿਮਦ ਹਾਫਿਜ਼ ਸੁਲੇਮਾਨ ਸਾਹਿਬ, ਸ਼ਮਸ਼ਾਦ ਸਲਮਾਨੀ, ਇਮਰਾਨ ਸਲਮਾਨੀ, ਫਿਰੋਜ਼ ਅੰਸਾਰੀ, ਓਵੈਸ ਅੰਸਾਰੀ ਸ਼ਮੀ, ਅੰਸਾਰੀ ਸ਼ਾਕਿਰ ਅਹਿਮਦ, ਫੈਸਲ ਅੰਸਾਰੀ, ਜਮਾਤ-ਏ-ਸਲਮਾਨੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਅਬਦੁਲ ਰਹਿਮਾਨ ਸਲਮਾਨੀ, ਅਬਦੁਲ ਸਮਦ ਸਲਮਾਨੀ ਸਮੇਤ ਸ਼ਖਸੀਅਤਾਂ ਮੌਜੂਦ ਸਨ।
---
ਇਨ੍ਹਾਂ ਮਸਜਿਦਾਂ ’ਚ ਅਦਾ ਕੀਤੀ ਗਈ ਨਮਾਜ਼
ਇਸੇ ਤਰ੍ਹਾਂ ਮਸਜਿਦ ਇਮਾਮ ਨਾਸਿਰ, ਬਿਲਾਲ ਮਸਜਿਦ, ਮਸਜਿਦ ਉਮਰ, ਮਸਜਿਦ ਆਲੀਸ਼ਾਨ, ਮਸਜਿਦ ਫਾਤਮਾ, ਮਸਜਿਦ ਗੁਰੂ ਸੰਤ ਨਗਰ, ਮਸਜਿਦ ਉਸਮੇਨਾ, ਮਸਜਿਦ ਰੇਲਵੇ ਰੋਡ, ਮਸਜਿਦ ਗੜ੍ਹਾ, ਮਸਜਿਦ ਬਸਤੀ ਬਾਵਾ ਖੇਲ, ਮਸਜਿਦ ਅਬਦੁਲ ਹਮੀਦ, ਮਸਜਿਦ ਜਨਤਾ ਕਾਲੋਨੀ, ਮਸਜਿਦ ਪੰਜਪੀਰ, ਮਸਜਿਦ ਨਾਗਰਾ, ਮਸਜਿਦ ਰਹਮਾਨੀਆ ਸੋਢਲ ਸਮੇਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ’ਚ ਈਦ ਦੀ ਨਮਾਜ਼ ਅਦਾ ਕੀਤੀ ਗਈ।