ਈਦ-ਉਲ-ਫਿਤਰ ਸਾਂਝੀ ਸੰਸਕ੍ਰਿਤੀ ਦੀ ਮਿਸਾਲ : ਕੈਬਨਿਟ ਮੰਤਰੀ
ਈਦ-ਉਲ-ਫਿਤਰ ਸਾਂਝੀ ਸੰਸਕ੍ਰਿਤੀ ਦੀ ਮਿਸਾਲ: ਕੈਬਿਨੇਟ ਮੰਤਰੀ
Publish Date: Sun, 22 Mar 2026 08:04 PM (IST)
Updated Date: Sun, 22 Mar 2026 08:07 PM (IST)

- ਮਹਿੰਦਰ ਭਗਤ ਨੇ ਅਸ਼ੋਕ ਨਗਰ ਮਸਜਿਦ ’ਚ ਦਿੱਤੀਆਂ ਮੁਬਾਰਕਾਂ ਕੀਮਤੀ ਭਗਤ, ਪੰਜਾਬੀ ਜਾਗਰਣ ਜਲੰਧਰ : ਈਦ-ਉਲ-ਫਿਤਰ ਦੇ ਪਵਿੱਤਰ ਮੌਕੇ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਸ਼ੋਕ ਨਗਰ ਸਥਿਤ ਮਸਜਿਦ ’ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਨਮਾਜ ਅਦਾ ਕਰਨ ਆਏ ਮੁਸਲਿਮ ਭਰਾਵਾਂ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਤੇ ਦੇਸ਼ ਵਾਸੀਆਂ ਨੂੰ ਭਾਈਚਾਰੇ, ਪਿਆਰ ਤੇ ਅਮਨ ਦਾ ਸੰਦੇਸ਼ ਦਿੱਤਾ। ਇਸ ਪਾਵਨ ਮੌਕੇ ਮਸਜਿਦ ਖਾਸ ਰੌਣਕ ਦੇਖਣ ਨੂੰ ਮਿਲੀ। ਨਮਾਜ ਤੋਂ ਬਾਅਦ ਮੰਤਰੀ ਮਹਿੰਦਰ ਭਗਤ ਨੇ ਹਾਜ਼ਰ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਪਿਆਰ ਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਾਵਨ ਤਿਉਹਾਰ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਹਨ ਤੇ ਸਾਨੂੰ ਮਿਲ-ਜੁਲ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਸਾਂਝੀ ਸੰਸਕ੍ਰਿਤੀ ਤੇ ਭਾਈਚਾਰੇ ਦੀ ਧਰਤੀ ਰਿਹਾ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਹਰ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਾਵਨ ਮੌਕੇ ’ਤੇ ਲੋੜਵੰਦਾਂ ਦੀ ਮਦਦ ਕਰਨ ਤੇ ਸਮਾਜ ’ਚ ਖੁਸ਼ੀਆਂ ਵੰਡਣ। ਮਸਜਿਦ ਕਮੇਟੀ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ’ਚ ਜਨ-ਪ੍ਰਤੀਨਿਧੀਆਂ ਦੀ ਭਾਗੀਦਾਰੀ ਸਮਾਜ ’ਚ ਸਕਾਰਾਤਮਕ ਸੰਦੇਸ਼ ਦਿੰਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਜਾਵੇਦ ਸਲਮਾਨੀ ਤੇ ਵੱਡੀ ਗਿਣਤੀ ’ਚ ਇਬਾਦਤਗਾਰ ਮੌਜੂਦ ਸਨ, ਜਿਨ੍ਹਾਂ ਨੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।