ਵਾਰਡ-84 ’ਚ ਸੀਵਰੇਜ ਜਾਮ ਵਿਰੋਧ ’ਚ ਪੁਤਲਾ ਫੂਕ ਪ੍ਰਦਰਸ਼ਨ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 09 Feb 2026 09:33 PM (IST)
Updated Date: Mon, 09 Feb 2026 09:35 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਨੌਰਥ ਵਿਧਾਨ ਸਭਾ ਖੇਤਰ ਦੇ ਵਾਰਡ ਨੰਬਰ 84 ਦੇ ਗੁਰੂ ਨਾਨਕ ਨਗਰ ਵਿਚ ਸੀਵਰੇਜ ਜਾਮ ਦੇ ਖ਼ਿਲਾਫ਼ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਵਾਰਡ 84 ਦੇ ਕੌਂਸਲਰ ਨੀਰਜ ਜੱਸਲ ਨੇ ਇਲਾਕੇ ਦੇ ਨਿਵਾਸੀਆਂ ਨਾਲ ਮਿਲ ਕੇ ਸੂਰਾਨੁੱਸੀ ਰੋਡ 'ਤੇ ਟ੍ਰੈਫਿਕ ਜਾਮ ਕੀਤਾ। ਲੋਕਾਂ ਨੇ ਮੇਅਰ ਵਨੀਤ ਧੀਰ ਤੇ ਸੀਐੱਮ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ।
ਕੌਂਸਲਰ ਨੀਰਜ ਜੱਸਲ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਜਾਮ ਹੈ ਪਰ ਇਸ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਕਈ ਵਾਰ ਲਿਖ ਕੇ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਗੁਰੂ ਨਾਨਕ ਨਗਰ ਦੇ ਨਿਵਾਸੀਆਂ ਨਾਲ ਰੋਡ ਜਾਮ ਕਰਨਾ ਪਿਆ। ਨੀਰਜ ਜੱਸਲ ਨੇ ਕਿਹਾ ਕਿ ਸੀਵਰੇਜ ਜਾਮ ਪਿਛਲੇ ਛੇ ਮਹੀਨਿਆਂ ਤੋਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਨਗਰ ਨਿਗਮ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ। ਇਸ ਮੌਕੇ ਗੁਰਸੇਵਕ ਸਿੰਘ ਗਿੱਲ, ਹੀਰਾ, ਅੰਜੂ, ਪ੍ਰਿੰਸ, ਅਨੀਤਾ, ਸੁਖਦੇਵ ਸਿੰਘ, ਮਨਜੀਤ ਸਿੰਘ ਨਿਰੰਜਨ, ਵਿਜੇ, ਕਰਤਾਰ ਸਿੰਘ ਗਿਲ ਤੇ ਬਿੱਲਾ ਠੇਕੇਦਾਰ ਮੌਜੂਦ ਸਨ।