ਵਿੱਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ’ਚ ਕਰਦੇ ਨੇ ਵਾਧਾ : ਪ੍ਰਿੰਸੀਪਲ ਰਾਣਾ
ਵਿੱਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ’ਚ ਕਰਦੇ ਹਨ ਵਾਧਾ - ਪ੍ਰਿੰਸੀਪਲ ਰਾਣਾ
Publish Date: Sun, 01 Feb 2026 06:34 PM (IST)
Updated Date: Mon, 02 Feb 2026 04:11 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਵੱਲੋਂ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਹੇਠ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦਾ ਇਕ ਰੋਜ਼ਾ ਵਿਦਿਅਕ ਟੂਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਇਸ ਵਿਦਿਅਕ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਤੇ ਉਨ੍ਹਾਂ ਦੇ ਗਿਆਨ ’ਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਗਿਆਨ ਪ੍ਰਦਾਨ ਕਰਦੇ ਹਨ। ਪੰਜਾਬ ਸਰਕਾਰ ਦੀ ਸਪਾਂਸਰਡ ਸਕੀਮ ਤਹਿਤ ਕਰਵਾਏ ਗਏ ਇਸ ਇਕ ਰੋਜ਼ਾ ਟੂਰ ’ਚ 51 ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਦੀ ਪੰਜਾਬੀ ਅਧਿਆਪਿਕਾ ਸਰਬਜੀਤ ਕੌਰ, ਹਿੰਦੀ ਅਧਿਆਪਿਕਾ ਰੰਜਨਾ, ਸਮਾਜਿਕ ਵਿਗਿਆਨ ਅਧਿਆਪਿਕਾ ਅੰਮ੍ਰਿਤਾ ਤੇ ਹਰਨੀਤ ਸਿੰਘ ਦਿਓਲ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਕੀਤੀ ਗਈ। ਟੂਰ ਦੌਰਾਨ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਜਲਵਾਯੂ ਤਬਦੀਲੀ ਥੀਏਟਰ ’ਚ ਵਾਤਾਵਰਨ ਸਬੰਧੀ ਫਿਲਮ ਦੇਖੀ। ਇਸ ਤੋਂ ਬਾਅਦ ਉਨ੍ਹਾਂ ਨੂੰ ਡਾਇਨੋ ਵਰਲਡ ਦੀ ਸੈਰ ਕਰਵਾਈ ਗਈ। ਅਗਲੇ ਪੜਾਅ ’ਚ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨੀਆਂ ਤੇ ਉਨ੍ਹਾਂ ਦੇ ਯੋਗਦਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਾਇੰਸ ਸਿਟੀ ਦੇ ਹੋਰ ਮੁੱਖ ਆਕਰਸ਼ਣਾਂ ’ਚ ਥ੍ਰੀ ਡੀ ਸ਼ੋਅ ਤੇ ਹਵਾਈ ਜਹਾਜ਼ ਦੀ ਕਾਲਪਨਿਕ ਉਡਾਣ ਸ਼ਾਮਲ ਸੀ, ਜਿਸ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਇਸ ਦੌਰਾਨ ਸਕੂਲ ਵੱਲੋਂ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਇਸ ਵਿਦਿਅਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।