ਜਲੰਧਰ 'ਚ ਠੇਕੇਦਾਰ ਅਮਿਤ ਬਜਾਜ ਦੇ ਟਿਕਾਣਿਆਂ 'ਤੇ 40 ਘੰਟੇ ਬਾਅਦ ED ਦੀ ਰੇਡ ਖ਼ਤਮ; ਵੱਡੀ ਮਾਤਰਾ 'ਚ ਦਸਤਾਵੇਜ਼ ਤੇ ਡਿਜੀਟਲ ਡੇਟਾ ਜ਼ਬਤ
ਕੰਟਰੈਕਟਰ ਅਮਿਤ ਬਜਾਜ ਦੇ ਟਿਕਾਣਿਆਂ 'ਤੇ ਚੱਲ ਰਹੀ ED ਦੀ ਛਾਪੇਮਾਰੀ ਦੇਰ ਰਾਤ ਖ਼ਤਮ ਹੋ ਗਈ ਅਤੇ ਟੀਮਾਂ ਵਾਪਸ ਪਰਤ ਗਈਆਂ। ਮੰਗਲਵਾਰ ਸਵੇਰੇ ਸ਼ੁਰੂ ਹੋਈ ਇਹ ਕਾਰਵਾਈ ਬੁੱਧਵਾਰ ਦੇਰ ਰਾਤ ਕਰੀਬ 1:00 ਵਜੇ ਤੋਂ ਬਾਅਦ ਸਮਾਪਤ ਹੋਈ। ED ਦੀਆਂ ਟੀਮਾਂ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਮਾਮਲੇ 'ਚ ਅਮਿਤ ਬਜਾਜ ਅਤੇ ਉਨ੍ਹਾਂ ਦੀ ਕੰਪਨੀ ਦੀ ਜਾਂਚ ਦੇ ਸਿਲਸਿਲੇ 'ਚ ਡਿਜੀਟਲ ਡੇਟਾ ਅਤੇ ਪ੍ਰਾਪਰਟੀ ਨਾਲ ਜੁੜੇ ਦਸਤਾਵੇਜ਼ ਆਪਣੇ ਨਾਲ ਲੈ ਗਈਆਂ ਹਨ, ਹਾਲਾਂਕਿ ਇਸ ਮਾਮਲੇ 'ਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
Publish Date: Thu, 11 Jun 2026 10:46 AM (IST)
Updated Date: Thu, 11 Jun 2026 10:47 AM (IST)

ਜਾਗਰਣ ਸੰਵਾਦਦਾਤਾ, ਜਲੰਧਰ - ਕੰਟਰੈਕਟਰ ਅਮਿਤ ਬਜਾਜ ਦੇ ਟਿਕਾਣਿਆਂ 'ਤੇ ਚੱਲ ਰਹੀ ED ਦੀ ਛਾਪੇਮਾਰੀ ਦੇਰ ਰਾਤ ਖ਼ਤਮ ਹੋ ਗਈ ਅਤੇ ਟੀਮਾਂ ਵਾਪਸ ਪਰਤ ਗਈਆਂ। ਮੰਗਲਵਾਰ ਸਵੇਰੇ ਸ਼ੁਰੂ ਹੋਈ ਇਹ ਕਾਰਵਾਈ ਬੁੱਧਵਾਰ ਦੇਰ ਰਾਤ ਕਰੀਬ 1:00 ਵਜੇ ਤੋਂ ਬਾਅਦ ਸਮਾਪਤ ਹੋਈ। ED ਦੀਆਂ ਟੀਮਾਂ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਮਾਮਲੇ 'ਚ ਅਮਿਤ ਬਜਾਜ ਅਤੇ ਉਨ੍ਹਾਂ ਦੀ ਕੰਪਨੀ ਦੀ ਜਾਂਚ ਦੇ ਸਿਲਸਿਲੇ 'ਚ ਡਿਜੀਟਲ ਡੇਟਾ ਅਤੇ ਪ੍ਰਾਪਰਟੀ ਨਾਲ ਜੁੜੇ ਦਸਤਾਵੇਜ਼ ਆਪਣੇ ਨਾਲ ਲੈ ਗਈਆਂ ਹਨ, ਹਾਲਾਂਕਿ ਇਸ ਮਾਮਲੇ 'ਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਦੇ ਕਰੀਬੀਆਂ 'ਤੇ ਚੱਲ ਰਹੀ ਜਾਂਚ ਦਾ ਹਿੱਸਾ ਹੈ ਅਤੇ ਅਮਿਤ ਬਜਾਜ ਉਨ੍ਹਾਂ 'ਚੋਂ ਇੱਕ ਹਨ। ਦੋ ਦਿਨ ਪਹਿਲਾਂ ਪੰਜਾਬ ਦੇ ਜਲੰਧਰ 'ਚ ਠੇਕੇਦਾਰ ਅਮਿਤ ਬਜਾਜ ਦੇ ਨਿਊ ਜਵਾਹਰ ਨਗਰ ਸਥਿਤ ਰਿਹਾਇਸ਼ 'ਤੇ ਸਵੇਰੇ ਕਰੀਬ 8:30 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਸੀ। ਬਜਾਜ ਸ਼ਹਿਰ ਦੇ ਕਈ ਵੱਡੇ ਉਦਯੋਗਪਤੀਆਂ ਅਤੇ ਪੂੰਜੀਪਤੀਆਂ ਦੇ ਟੈਕਸ ਸਬੰਧੀ ਮਾਮਲੇ ਦੇਖਦੇ ਹਨ। ਸੂਤਰਾਂ ਅਨੁਸਾਰ, ਇਨ੍ਹਾਂ ਪੂੰਜੀਪਤੀਆਂ ਵੱਲੋਂ ਕੀਤੇ ਗਏ ਨਿਵੇਸ਼ ਅਤੇ ਟੈਕਸ 'ਚ ਵੱਡੇ ਪੱਧਰ 'ਤੇ ਗੜਬੜੀ ਦਾ ਖ਼ਦਸ਼ਾ ਹੈ, ਜਿਸ ਨੂੰ ਲੈ ਕੇ ED ਇਹ ਜਾਂਚ ਕਰ ਰਹੀ ਸੀ।
ਟੈਕਸ 'ਚ ਗੜਬੜੀ ਦੀ ਜਾਂਚ ਜਾਰੀ
ਅਮਿਤ ਬਜਾਜ ਨਗਰ ਨਿਗਮ ਦੇ ਠੇਕੇਦਾਰ ਵੀ ਹਨ। ਉਹ ਸ਼ਹਿਰ ਦੇ ਕਈ ਮਸ਼ਹੂਰ ਉਦਯੋਗਪਤੀਆਂ ਅਤੇ ਪੂੰਜੀਪਤੀਆਂ ਦੇ ਟੈਕਸ ਸਬੰਧੀ ਮਾਮਲੇ ਦੇਖਦੇ ਹਨ ਅਤੇ ਉਨ੍ਹਾਂ 'ਤੇ ਪੂੰਜੀਪਤੀਆਂ ਦੀ ਇਨਵੈਸਟਮੈਂਟ (ਨਿਵੇਸ਼) ਅਤੇ ਟੈਕਸ 'ਚ ਗੜਬੜੀ ਦੀ ਜਾਂਚ ਚੱਲ ਰਹੀ ਹੈ। ED ਨੇ ਉਨ੍ਹਾਂ ਦੇ ਘਰ ਨਿਊ ਜਵਾਹਰ ਨਗਰ ਅਤੇ ਨੇੜੇ ਹੀ ਸਥਿਤ ਦਫ਼ਤਰ 'ਤੇ ਸਵੇਰੇ 8:30 ਵਜੇ ਰੇਡ ਸ਼ੁਰੂ ਕੀਤੀ ਸੀ। ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜਾਰੀ ਜਾਂਚ ਦੇ ਸਿਲਸਿਲੇ 'ਚ ਲੁਧਿਆਣਾ ਅਤੇ ਜਲੰਧਰ (ਪੰਜਾਬ), ਬਰੇਲੀ (ਉੱਤਰ ਪ੍ਰਦੇਸ਼) ਅਤੇ ਦਿੱਲੀ-ਨੋਇਡਾ ਖੇਤਰ 'ਚ ਇੱਕੋ ਵੇਲੇ ਛਾਪੇਮਾਰੀ ਕੀਤੀ।
ਜਾਂਚ ਏਜੰਸੀ ਅਨੁਸਾਰ, ਜਿਨ੍ਹਾਂ ਟਿਕਾਣਿਆਂ 'ਤੇ ਤਲਾਸ਼ੀ ਲਈ ਜਾ ਰਹੀ ਹੈ, ਉਨ੍ਹਾਂ 'ਚ ਮਾਮਲੇ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਸ਼ਾਮਲ ਹਨ। ਸੂਤਰਾਂ ਮੁਤਾਬਕ, ਇਹ ਕਾਰਵਾਈ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਕਥਿਤ ਮਨੀ ਲਾਂਡਰਿੰਗ ਗਤੀਵਿਧੀਆਂ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ ਦਸਤਾਵੇਜ਼ਾਂ, ਡਿਜੀਟਲ ਉਪਕਰਣਾਂ ਅਤੇ ਵਿੱਤੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ED ਦੀ ਕਾਰਵਾਈ ਜਾਰੀ ਹੈ ਅਤੇ ਏਜੰਸੀ ਵੱਲੋਂ ਬਰਾਮਦ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਮਾਮਲੇ 'ਚ ਅੱਗੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।