- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੀ ਵਿੱਤ

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ 3.20 ਕਰੋੜ ਦੇ ਦੋ ਟੈਂਡਰ ਮਨਜ਼ੂਰ, ਬੱਸ ਡਿਪੂ-ਚਾਰਜਿੰਗ ਸਟੇਸ਼ਨ ਦਾ ਨਿਰਮਾਣ ਸ਼ੁਰੂ ਹੋਵੇਗਾ
ਜਾਗਰਣ ਸੰਵਾਦਦਾਤਾ, ਜਲੰਧਰ
ਸ਼ਹਿਰ ’ਚ ਅਗਲੇ 6 ਮਹੀਨਿਆਂ ’ਚ ਈ-ਬੱਸ ਸੇਵਾ ਸ਼ੁਰੂ ਹੋ ਸਕਦੀ ਹੈ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਲਈ ਨਗਰ ਨਿਗਮ ਦੇ ਹੈੱਡ ਕੁਆਰਟਰ ਦੀ ਪੁਰਾਣੀ ਵਰਕਸ਼ਾਪ ਵਾਲੀ ਜ਼ਮੀਨ ’ਤੇ ਇਲੈਕਟ੍ਰਿਕ ਬੱਸ ਡਿਪੂ ਤੇ ਚਾਰਜਿੰਗ ਸਟੇਸ਼ਨ ਤਿਆਰ ਕੀਤਾ ਜਾਵੇਗਾ। ਨਾਲ ਹੀ ਲੰਮਾ ਪਿੰਡ ਵਰਕਸ਼ਾਪ ’ਚ ਇਲੈਕਟ੍ਰਿਕਲ ਅਤੇ ਪਲੰਬਿੰਗ ਕੰਮ ਕੀਤਾ ਜਾਣਾ ਹੈ। ਸੋਮਵਾਰ ਨੂੰ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ 3.20 ਕਰੋੜ ਦੇ ਦੋ ਟੈਂਡਰ ਮਨਜ਼ੂਰ ਕਰ ਲਏ ਹਨ। ਬੱਸ ਡਿਪੂ ਤਿਆਰ ਕਰਨ ਲਈ ਵੱਧ ਤੋਂ ਵੱਧ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਡਿਪੂ ਤਿਆਰ ਹੋਣ ’ਤੇ ਕੇਂਦਰ ਸਰਕਾਰ ਨਗਰ ਨਿਗਮ ਨੂੰ 97 ਬੱਸਾਂ ਭੇਜੇਗੀ। ਨਗਰ ਨਿਗਮ ਨੇ ਈ-ਬੱਸ ਸੇਵਾ ਲਈ ਰੇਟ ਵੀ ਤੈਅ ਕਰ ਲਏ ਹਨ। ਇਸ ਲਈ ਨਗਰ ਨਿਗਮ ਇਕ ਐਪ ਵੀ ਵਿਕਸਿਤ ਕਰਵਾਏਗਾ। ਐਪ ਜ਼ਰੀਏ ਲੋਕਾਂ ਨੂੰ ਹਰ ਬੱਸ ਦੀ ਰੀਅਲ ਟਾਈਮ ਲੋਕੇਸ਼ਨ ਮਿਲੇਗੀ। ਐਪ ਤੋਂ ਪਤਾ ਲੱਗੇਗਾ ਕਿ ਕਿਹੜੀ ਬੱਸ ਕਿਸ ਬੱਸ ਸਟਾਪ 'ਤੇ ਕਦੋਂ ਪੁੱਜੇਗੀ ਤੇ ਯਾਤਰੀ ਬੱਸ ਸਟਾਪ ਪੁੱਜਣ ਲਈ ਸ਼ੈਡਿਊਲ ਤੈਅ ਕਰ ਸਕਣਗੇ। ਐਪ 'ਤੇ ਸਾਰੇ ਰੂਟ ਦਾ ਅਪਲੋਡ ਹੋਣਗੇ। ਇਸ ਐਪ ਨੂੰ ਇੰਟੇਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ-ਆਈਸੀਸੀਸੀ ਨਾਲ ਵੀ ਜੋੜਿਆ ਜਾਵੇਗਾ। ਕੰਟਰੋਲ ਰੂਮ ’ਚ ਹਰ ਬੱਸ ਦੀ ਰੀਅਲ ਟਾਈਮ ਲੋਕੇਸ਼ਨ ਮਿਲਦੀ ਰਹੇਗੀ ਤੇ ਕਿਸੇ ਵੀ ਮੁਸ਼ਕਲ ਵੇਲੇ ਸਹਾਇਤਾ ਉਪਲੱਬਧ ਕਰਵਾਉਣ ਜਾਂ ਰੂਟ ਡਾਇਵਰਟ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਤਹਿਤ 220 ਬੱਸ ਸਟਾਪ ਵੀ ਬਣਾਉਣੇ ਹਨ। ਇਨ੍ਹਾਂ ਦੀ ਲੋਕੇਸ਼ਨ ਵੀ ਤੈਅ ਕਰ ਲਈ ਗਈ ਹੈ। ਬੱਸ ਸਟਾਪ ਬਣਾਉਣ ਲਈ ਵੱਖ-ਵੱਖ ਕੰਪਨੀਆਂ ਨਾਲ ਕਰਾਰ ਕੀਤਾ ਜਾ ਸਕਦਾ ਹੈ। ਬੱਸ ਸਟਾਪ ਤਿਆਰ ਕਰਨ ਵਾਲੀ ਕੰਪਨੀ ਬੱਸ ਸਟਾਪ ’ਤੇ ਆਪਣਾ ਇਸ਼ਤਿਹਾਰ ਲਾ ਸਕੇਗੀ। ਇਸ ਯੋਜਨਾ ਨੂੰ ਹਾਲੇ ਫਾਈਨਲ ਕਰਨਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਜਲੰਧਰ ਨੂੰ 7, 9 ਮੀਟਰ ਅਤੇ 12 ਮੀਟਰ ਦੀਆਂ ਬੱਸਾਂ ਭੇਜਣੀਆਂ ਸਨ ਪਰ ਹੁਣ 7 ਮੀਟਰ ਦੀਆਂ ਬੱਸਾਂ ਨਹੀਂ ਆਉਣਗੀਆਂ। ਇਸ ਕਾਰਨ ਨਗਰ ਨਿਗਮ ਨੂੰ ਕੁਝ ਰੂਟਾਂ ’ਚ ਬਦਲਾਅ ਕਰਨਾ ਪੈ ਸਕਦਾ ਹੈ।
---
ਪ੍ਰਧਾਨ ਮੰਤਰੀ ਈ-ਬੱਸ ਸੇਵਾ ਲਈ ਤੈਅ ਕੀਤੇ ਰੂਟ
1. ਆਉਟਰ ਰਿੰਗ ਰੋਡ: ਪਠਾਨਕੋਟ ਬਾਈਪਾਸ ਤੋਂ ਹੁਸ਼ਿਆਰਪੁਰ ਬਾਈਪਾਸ, ਪੀਏਪੀ, ਬੱਸ ਸਟੈਂਡ
2. ਰਿੰਗ ਰੂਟ: ਬੱਸ ਸਟੈਂਡ-ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬਾਬੂ ਜਗਜੀਵਨ ਰਾਮ ਚੌਕ, ਮਿੱਠੂ ਬਸਤੀ, ਜੰਮੂ ਹਸਪਤਾਲ, ਕਪੂਰਥਲਾ ਚੌਕ, ਕਸ਼ਯਪ ਰਿਸ਼ੀ ਚੌਕ, ਸੋਢਲ ਚੌਕ-ਦੋਆਬਾ ਚੌਕ
3. ਇਨਰ ਰਿੰਗ ਰੂਟ: ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਵਿਚਾਲੇ ਵਾਇਆ ਪੀਐੱਮਸੀ ਚੌਕ, ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਫੁੱਟਬਾਲ ਚੌਕ, ਆਦਰਸ਼ ਨਗਰ ਚੌਕ, ਪਟੇਲ ਚੌਕ, ਅੱਡਾ ਹੁਸ਼ਿਆਰਪੁਰ ਚੌਕ-ਮਦਨ ਫਲੋਰ ਮਿੱਲ ਚੌਕ
4. ਕਰਤਾਰਪੁਰ ਤੋਂ ਬੱਸ ਸਟੈਂਡ: ਜੰਗ-ਏ-ਆਜ਼ਾਦੀ, ਬਿਧੀਪੁਰ, ਐੱਨਆਈਟੀ, ਸੈਂਟ ਸੋਲਜਰ ਲਾਅ ਕਾਲਜ, ਵਿਰਕਾ ਮਿਲਕ ਪਲਾਂਟ, ਮਕਸੂਦਾਂ ਬਾਈਪਾਸ, ਪਠਾਨਕੋਟ ਚੌਕ, ਕੇਐੱਮਵੀ, ਦੋਆਬਾ ਚੌਕ, ਦੇਵੀ ਤਲਾਬ ਮੰਦਰ, ਅੱਡਾ ਟਾਂਡਾ ਚੌਕ, ਪਟੇਲ ਚੌਕ, ਆਦਰਸ਼ ਨਗਰ ਮਾਰਕੀਟ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕੀ ਚੌਕ, ਸ਼੍ਰੀ ਰਾਮ ਚੌਕ, ਭਗਤ ਨਾਮਦੇਵ ਚੌਕ, ਬੀਐੱਮਸੀ
5. ਬੱਸ ਸਟੈਂਡ ਤੋਂ ਗੋਪਾਲਪੁਰ: ਬੀਐੱਮਸੀ-ਨਾਮਦੇਵ ਚੌਕ, ਸ਼੍ਰੀ ਰਾਮ ਚੌਕ, ਬਸਤੀ ਅੱਡਾ, ਐੱਚਐੱਮਵੀ, ਡੇਵੀਏਟ, ਜਨਤਾ ਕਾਲਜ, ਕੈਪਸਨ ਇੰਡਸਟਰੀ
6. ਕਿਸ਼ਨਗੜ੍ਹ ਤੋਂ ਬੱਸ ਸਟੈਂਡ: ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਬਾਹਰੀ ਇਲਾਕੇ ਕਿਸ਼ਨਗੜ੍ਹ ਤੱਕ ਵਾਇਆ ਪਠਾਨਕੋਟ ਚੌਕ, ਲੰਮਾ ਪਿੰਡ, ਕਿਸ਼ਨਪੁਰਾ, ਅੱਡਾ ਹੁਸ਼ਿਆਰਪੁਰ, ਨਿਊ ਰੇਲਵੇ ਰੋਡ, ਭਗਤ ਸਿੰਘ ਚੌਕ, ਮਦਨ ਫਲੋਰ ਮਿਲ, ਅਲਾਸਕਾ ਚੌਕ, ਡੀਸੀ ਦਫਤਰ, ਕੋਰਟ ਰੋਡ, ਪੁੱਡਾ ਦਫਤਰ, ਖਾਲਸਾ ਸਕੂਲ-ਬੀਐੱਸਐੱਫ ਚੌਕ
7. ਬੱਸ ਸਟੈਂਡ ਤੋਂ ਜੰਡੂ ਸਿੰਘਾ: ਬੀਐੱਸਐੱਫ ਚੌਕ, ਪੀਏਪੀ, ਰਾਮਾਮੰਡੀ, ਹੁਸ਼ਿਆਰਪੁਰ ਰੋਡ, ਆਈਵੀਵਾਈ ਸਕੂਲ, ਜੰਡੂ ਸਿੰਘਾ
8. ਬੱਸ ਸਟੈਂਡ ਤੋਂ ਐੱਲਪੀਯੂ: ਰਾਮਾ ਮੰਡੀ-ਪਰਾਗਪੁਰ
9. ਬੱਸ ਸਟੈਂਡ ਤੋਂ ਜਮਸ਼ੇਰ: ਪਿਮਸ, ਛੋਟੀ ਬਾਰਾਦਰੀ, ਅਰਬਨ ਐਸਟੇਟ ਫੇਸ 1, ਫੇਸ 2, ਕਿਊਰੋ, ਏਜੀਆਈ ਹਾਈਟਸ 1, 2, 3
10. ਬੱਸ ਸਟੈਂਡ ਤੋਂ ਲਾਂਬੜਾ: ਆਇਕੋਨਿਕ ਏਜੀਆਈ ਮਾਰਕੀਟ-ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੂਟਾਂ ਪਿੰਡ, ਸਤਿਗੁਰੂ ਕਬੀਰ ਚੌਕ, ਵੰਡਰਲੈਂਡ
11. ਬੱਸ ਸਟੈਂਡ ਤੋਂ ਸੇਂਟ ਸੋਲਜਰ ਕਾਲਜ: ਬੀਐੱਮਸੀ, ਨਾਮਦੇਵ ਚੌਕ, ਸ਼੍ਰੀ ਰਾਮ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ, ਬਾਬੂ ਜਗਜੀਵਨ ਰਾਮ ਚੌਕ
12. ਰਾਮਾ ਮੰਡੀ ਤੋਂ ਜਲੰਧਰ ਕੁੰਜ: ਸਪੋਰਟਸ ਕੰਪਲੈਕਸ, ਕਪੂਰਥਲਾ ਚੌਕ, ਫੁਟਬਾਲ ਚੌਕ, ਮਿਸ਼ਨ ਚੌਕ, ਬੀਐੱਮਸੀ
---
21 ਕਰੋੜ ਦੇ ਕੰਮਾਂ ਨੂੰ ਹਰੀ ਝੰਡੀ, ਦੋ ਕੰਮ ਪੈਂਡਿੰਗ ਰੱਖੇ
ਸੋਮਵਾਰ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ’ਚ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਲਗਪਗ 21 ਕਰੋੜ ਦੇ ਕੰਮ ਮਨਜ਼ੂਰ ਕੀਤੇ ਗਏ ਹਨ। ਮੀਟਿੰਗ ’ਚ ਦੋ ਕੰਮ ਪੈਂਡਿੰਗ ਵੀ ਕੀਤੇ ਗਏ ਹਨ। ਇਨ੍ਹਾਂ ’ਚ ਜਮਸ਼ੇਰ ਰੋਡ ’ਤੇ ਸਾਲਿਡ ਵੈਸਟ ਮੈਨੇਜਮੈਂਟ ਲਈ 1.33 ਕਰੋੜ ਨਾਲ ਸ਼ੈੱਡ, ਬਾਊਂਡਰੀ ਵਾਲ ਤੇ ਕਮਰੇ ਦਾ ਨਿਰਮਾਣ ਅਤੇ 55 ਲੱਖ ਨਾਲ ਨਾਰਥ ਹਲਕੇ ਦੇ ਇੰਡਸਟਰੀਅਲ ਏਰੀਆ ਵਿਚ ਪਾਰਕਾਂ ਦਾ ਰੱਖ-ਰਖਾਅ ਸ਼ਾਮਲ ਹੈ। ਇਸ ਤੋਂ ਇਲਾਵਾ ਬਾਕੀ ਕੰਮ ਮਨਜ਼ੂਰ ਕਰ ਲਏ ਗਏ ਹਨ। ਮੀਟਿੰਗ ’ਚ ਸੀਵਰੇਜ ਦੀ ਸਫਾਈ ਤੇ ਕਈ ਇਲਾਕਿਆਂ ’ਚ ਨਵੀਂ ਸੀਵਰੇਜ ਪਾਉਣ ਦੇ ਟੈਂਡਰ ਵੀ ਮਨਜ਼ੂਰ ਕਰ ਲਏ ਗਏ ਹਨ। ਟ੍ਰਾਂਸਪੋਰਟ ਨਗਰ ’ਚ ਨਵਾਂ ਡਿਸਪੋਜ਼ਲ, ਸਰਜੀਕਲ ਕੰਪਲੈਕਸ ਦੇ ਡਿਸਪੋਜ਼ਲ ਦਾ ਰੱਖ-ਰਖਾਅ, ਮਕਸੂਦਾਂ ਡਿਸਪੋਜ਼ਲ ’ਤੇ 60 ਹਾਰਸ ਪਾਵਰ ਪੰਪ ਲਾਉਣ ਦੇ ਟੈਂਡਰ ਪਾਸ ਕਰ ਲਏ ਗਏ ਹਨ। ਬੱਸ ਸਟੈਂਡ ਨੇੜੇ ਗਲਾਸੀ ਜੰਕਸ਼ਨ, ਇਸ਼ਰਪੁਰੀ ਕਾਲੋਨੀ, ਸਵਰਨ ਪਾਰਕ, ਸੁੱਚੀ ਪਿੰਡ ਵਾਰਡ ਨੰਬਰ 4 ਵਿਚ ਸੀਵਰੇਜ ਪਾਇਆ ਜਾਵੇਗਾ। ਸਾਰੇ 8 ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇਨਲੈੱਟ ਤੇ ਆਉਟਲੈੱਟ 'ਤੇ ਫਲੋਮੀਟਰ ਲਾਏ ਜਾਣਗੇ।
---
ਇਨ੍ਹਾਂ ਕੰਮਾਂ ਨੂੰ ਮਿਲੀ ਮਨਜ਼ੂਰੀ
- ਜ਼ੋਨ ਨੰਬਰ 6 ਮਾਡਲ ਟਾਊਨ ’ਚ 9 ਹਾਈ ਮਾਸਟ ਲਾਈਟਾਂ
- ਕੇਂਦਰੀ ਵਿਧਾਨ ਸਭਾ ਖੇਤਰ ਦੇ 23 ਵਾਰਡਾਂ ’ਚ ਨਵੀਆਂ ਐੱਲਈਡੀ ਲਾਈਟਾਂ
- ਕ੍ਰਿਸ਼ਨਾ ਨਗਰ ’ਚ ਕੰਕਰੀਟ ਰੋਡ ਦਾ ਨਿਰਮਾਣ
- ਨਾਰਥ ਵਿਧਾਨ ਸਭਾ ਖੇਤਰ ਵਿਚ ਹਾਰਟੀਕਲਚਰ ਵਰਕ ਸੈਂਟਰਲ ਵਰਜ ਦਾ ਕੰਮ
- ਨੰਗਲ ਸ਼ਾਮਾਂ ’ਚ ਸ਼ਮਸ਼ਾਨਘਾਟ ਦਾ ਰੱਖ-ਰਖਾਅ
- ਗੋਲਡਨ ਐਵੇਨਿਊ ਫੇਸ 2 ਵਿਚ ਪਾਰਕ ਦੀ ਰੀਨੋਵੇਸ਼ਨ
- ਸਬਜ਼ੀ ਮੰਡੀ ਚੌਕ ਦਾ ਸੁੰਦਰੀਕਰਨ
- ਵਾਰਡ ਨੰਬਰ 9 ਵਿਚ ਪਾਰਕ ਦਾ ਸੁੰਦਰੀਕਰਨ
- ਜ਼ੋਨ ’ਚ ਮੈਨਪਾਵਰ ਸਪਲਾਈ
- ਵਾਰਡ ਨੰਬਰ 20 ਵਿਚ ਸੜਕਾਂ
- ਨਗਰ ਨਿਗਮ ਹੈੱਡ ਕੁਆਰਟਰ ਦੀ ਐਂਟਰੀ ਦਾ ਰੱਖ-ਰਖਾਅ
- ਸਲੇਮਪੁਰ ਮੁਸਲਮਾਨ ’ਚ ਸ਼ਮਸ਼ਾਨਘਾਟ ਦੀ ਸ਼ੈੱਡ
- ਸ਼ਹੀਦ ਭਗਤ ਸਿੰਘ ਕਾਲੋਨੀ ਵਿਚ ਗੰਦੇ ਨਾਲੇ ਦੇ ਕੰਧ
- ਕੇਂਦਰੀ ਵਿਧਾਨ ਸਭਾ ਖੇਤਰ ’ਚ ਹਾਰਟੀਕਲਚਰ ਵਰਕ
---
ਨਹਿਰ ਦੇ ਕੰਢਿਆਂ ’ਤੇ ਲੱਗੀ ਫੈਂਸਿੰਗ, ਲੋਕ ਨਹੀਂ ਸੁੱਟ ਸਕਣਗੇ ਕੂੜਾ
ਵਿੱਤ ਕਮੇਟੀ ਨੇ ਬਿਸਤ ਦੋਆਬ ਨਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਨਹਿਰ ਦੀ ਫੈਂਸਿੰਗ ਦਾ ਟੈਂਡਰ ਵੀ ਮਨਜ਼ੂਰ ਕੀਤਾ ਹੈ। ਲਗਪਗ 3.28 ਕਰੋੜ ਰੁਪਏ ਨਾਲ ਨਹਿਰ ਦੇ ਚਾਰ ਕਿੱਲੋਮੀਟਰ ਖੇਤਰ ਨੂੰ ਕਵਰ ਕੀਤਾ ਜਾਵੇਗਾ। ਨਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਇਹ ਪ੍ਰੋਜੈਕਟ ਮੇਅਰ ਵਨੀਤ ਧੀਰ ਨੇ ਖ਼ੁਦ ਤਿਆਰ ਕਰਵਾਇਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਨਹਿਰ ਕੰਢੇ ਲੱਗਣ ਵਾਲੀਆਂ ਮਾਰਕੀਟਾਂ ਦੇ ਲੋਕ ਨਹਿਰ ’ਚ ਕੂੜਾ ਸੁੱਟ ਦਿੰਦੇ ਹਨ ਅਤੇ ਇਸ ਨਾਲ ਪੂਰੇ ਇਲਾਕੇ ’ਚ ਗੰਦਗੀ ਫੈਲ ਜਾਂਦੀ ਹੈ। ਨਹਿਰ ਦੀ ਪੂਰੀ ਤਰ੍ਹਾਂ ਸਫਾਈ ਵੀ ਕਰਵਾਈ ਜਾਵੇਗੀ। ਨਹਿਰ ਦੇ ਦੋਵੇਂ ਪਾਸੇ 8 ਫੁੱਟ ਉੱਚੀ ਗ੍ਰਿੱਲ ਲਾਈ ਜਾਣੀ ਹੈ।
---
ਸਵੀਪਿੰਗ ਮਸ਼ੀਨ ਨਾਲ ਹੋਵੇਗੀ ਮੁੱਖ ਸੜਕਾਂ ਦੀ ਸਫਾਈ
ਨਗਰ ਨਿਗਮ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਸਫਾਈ ਹੁਣ ਰੋਡ ਸਵੀਪਿੰਗ ਮਸ਼ੀਨਾਂ ਨਾਲ ਕਰਵਾਏਗਾ। ਨਗਰ ਨਿਗਮ ਨੇ ਆਪਣੀਆਂ ਦੋ ਰੋਡ ਸਵੀਪਿੰਗ ਮਸ਼ੀਨਾਂ ਨੂੰ ਪ੍ਰਾਈਵੇਟ ਕੰਪਨੀ ਜ਼ਰੀਏ ਚਲਾਉਣ ਦਾ ਟੈਂਡਰ ਮਨਜ਼ੂਰ ਕਰ ਲਿਆ ਹੈ। ਪਹਿਲਾਂ ਨਗਰ ਨਿਗਮ ਇਸ ਨੂੰ ਖ਼ੁਦ ਚਲਾ ਰਿਹਾ ਸੀ ਪਰ ਇਸ ਵਿਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣ ਕਾਰਨ ਲੰਬੇ ਸਮੇਂ ਤੋਂ ਇਹ ਮਸ਼ੀਨਾਂ ਬੰਦ ਪਈਆਂ ਹਨ। ਖਾਸ ਮੌਕਿਆਂ 'ਤੇ ਹੀ ਇਹ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਿੱਤ ਕਮੇਟੀ ਨੇ ਸੋਮਵਾਰ ਨੂੰ ਇਸ ਦਾ ਟੈਂਡਰ ਪਿਆਰਾ ਸਿੰਘ ਐਂਡ ਸੰਸ ਨੂੰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਠੇਕਾ ਕੰਪਨੀ 9.48 ਕਰੋੜ ’ਚ ਦੋ ਸਾਲਾਂ ਤੱਕ ਇਹ ਮਸ਼ੀਨਾਂ ਚਲਾਏਗੀ।
ਸ਼ਹਿਰ ਤੋਂ ਮਲਬਾ ਉਠਾਉਣ ਲਈ ਨਗਰ ਨਿਗਮ ਨੇ ਠੇਕਾ ਦਿੱਤਾ
ਨਗਰ ਨਿਗਮ ਨੇ ਹੁਣ ਸ਼ਹਿਰ ਦੀਆਂ ਸੜਕਾਂ 'ਤੇ ਪਏ ਮਲਬੇ ਨੂੰ ਉਠਾਉਣ ਲਈ ਠੇਕਾ ਦਿੱਤਾ ਹੈ। ਠੇਕਾਦਾਰ ਇਹ ਮਲਬਾ ਸ਼ਹਿਰ ਤੋਂ ਉਠਾ ਕੇ ਸੀਐਂਡੀਡੀ ਵੈਸਟ ਪਲਾਂਟ ਤੱਕ ਪਹੁੰਚਾਏਗਾ। ਮੇਅਰ ਵਨੀਤ ਧੀਰ ਨੇ ਦੱਸਿਆ ਕਿ ਠੇਕਾਦਾਰ ਦੋ ਟਰੱਕ ਚਲਾਏਗਾ। ਇਸ ਨਾਲ ਸ਼ਹਿਰ ਸਾਫ਼ ਹੋਵੇਗਾ ਤੇ ਸੀਐਂਡੀਡੀ ਵੈਸਟ ਪਲਾਂਟ ਨੂੰ ਵੀ ਜ਼ਰੂਰੀ ਮਟੀਰੀਅਲ ਮਿਲਦਾ ਰਹੇਗਾ। ਮੇਅਰ ਨੇ ਦੱਸਿਆ ਕਿ ਠੇਕਾਦਾਰ ਲੋਕਾਂ ਦਾ ਮਲਬਾ ਵੀ ਉਠਾਏਗਾ ਤੇ ਇਸ ਲਈ ਫੀਸ ਚਾਰਜ ਕਰੇਗਾ। ਨਗਰ ਨਿਗਮ ਸ਼ਹਿਰ ਤੋਂ ਮਲਬਾ ਉਠਾਉਣ ਲਈ ਹਰ ਸਾਲ ਲਗਪਗ ਇਕ ਕਰੋੜ ਰੁਪਏ ਖਰਚ ਕਰਦਾ ਹੈ ਤੇ ਠੇਕਾ ਹੋਣ ਨਾਲ ਨਗਰ ਨਿਗਮ ਨੂੰ ਇਹ ਪੈਸਾ ਬਚੇਗਾ।