ਨਿਰਾਸ਼ਾ ’ਤੇ ਜਿੱਤ ਦਾ ਪ੍ਰਤੀਕ ਈਸਟਰ ਡੇਅ : ਫਾਦਰ ਕੱਚਪਿਲੀ
ਕੈਥੋਲਿਕ ਚਰਚ ਵਿਖੇ ਮਨਾਇਆ ਈਸਟਰ ਦਾ ਤਿਉਹਾਰ
Publish Date: Mon, 06 Apr 2026 08:39 PM (IST)
Updated Date: Mon, 06 Apr 2026 08:40 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਥਾਨਕ ਸੇਂਟ ਜੇਮਸ ਕੈਥੋਲਿਕ ਚਰਚ ਵਿਖੇ ਈਸਟਰ ਦਾ ਦਿਹਾੜਾ ‘ਪ੍ਰਭੂ ਯਿਸ਼ੂ ਵਿਚ ਅਨੰਤ ਜੀਵਨ’ ਦੇ ਸੰਦੇਸ਼ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿਚ ਮਸੀਹੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ ਤੇ ਪ੍ਰਭੂ ਯਿਸ਼ੂ ਮਸੀਹ ਦੇ ਪੁਨਰ-ਉਥਾਨ ਦੀ ਖੁਸ਼ੀ ਸਾਂਝੀ ਕੀਤੀ। ਸਮਾਗਮ ਦੀ ਸ਼ੁਰੂਆਤ ਪਵਿੱਤਰ ਪਾਕਮਾਸ ਨਾਲ ਹੋਈ, ਜਿਸ ਦੀ ਅਗਵਾਈ ਫਾਦਰ ਵਰਗੀਸ ਕੱਚਪਿਲੀ ਨੇ ਕੀਤੀ। ਉਨ੍ਹਾਂ ਪ੍ਰਭੂ ਯਿਸ਼ੂ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਈਸਟਰ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਮੌਤ ‘ਤੇ ਜੀਵਨ, ਹਨੇਰੇ ‘ਤੇ ਰੋਸ਼ਨੀ ਅਤੇ ਨਿਰਾਸ਼ਾ ’ਤੇ ਉਮੀਦ ਦੀ ਜਿੱਤ ਦਾ ਪ੍ਰਤੀਕ ਹੈ। ਸਮਾਗਮ ਦੌਰਾਨ ਚਰਚ ਦੇ ਨੌਜਵਾਨਾਂ ਤੇ ਬੱਚਿਆਂ ਵੱਲੋਂ ਗੀਤ ਤੇ ਭਜਨ ਗਾਏ ਗਏ। ਛੋਟੇ ਬੱਚਿਆਂ ਵੱਲੋਂ ਪ੍ਰਭੂ ਯਿਸ਼ੂ ਦੇ ਜੀਵਨ, ਉਨ੍ਹਾਂ ਵੱਲੋਂ ਸਹੇ ਗਏ ਦੁੱਖ-ਕਲੇਸ਼ਾਂ ਤੇ ਫਿਰ ਕਬਰ ਵਿੱਚੋਂ ਜੀਅ ਉੱਠਣ (ਪੁਨਰ-ਉਥਾਨ) ਦੇ ਦ੍ਰਿਸ਼ਾਂ ਨੂੰ ਦਰਸਾਉਂਦਾ ਭਾਵੁਕ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਨੇ ਹਾਜ਼ਰ ਸੰਗਤਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਮਾਗਮ ਦਾ ਮੁੱਖ ਵਿਸ਼ਾ ‘ਅਨੰਤ ਜੀਵਨ’ ਰੱਖਿਆ ਗਿਆ ਸੀ। ਫਾਦਰ ਵਰਗੀਸ ਨੇ ਆਪਣੇ ਪ੍ਰਵਚਨਾਂ ਵਿਚ ਸਮਝਾਇਆ ਕਿ ਮਨੁੱਖੀ ਜੀਵਨ ਸਿਰਫ਼ ਇਸ ਸੰਸਾਰ ਤੱਕ ਸੀਮਿਤ ਨਹੀਂ ਹੈ, ਬਲਕਿ ਪ੍ਰਭੂ ਯਿਸ਼ੂ ਵਿਚ ਵਿਸ਼ਵਾਸ ਰੱਖਣ ਵਾਲਿਆਂ ਲਈ ਇਹ ਸਦਾ ਜਾਰੀ ਰਹਿੰਦਾ ਹੈ। ਪ੍ਰਭੂ ਅੱਜ ਵੀ ਸਾਡੇ ਅੰਗ-ਸੰਗ ਹਨ, ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦੇ ਹਨ ਤੇ ਹਰ ਹਨੇਰੇ ਤੋਂ ਬਾਅਦ ਇੱਕ ਨਵੀਂ ਸਵੇਰ ਦਾ ਯਕੀਨ ਦਿਵਾਉਂਦੇ ਹਨ। ਪਵਿੱਤਰ ਪਾਕਮਾਸ ਦੀ ਸਮਾਪਤੀ ਤੋਂ ਬਾਅਦ ਚਰਚ ਕੰਪਲੈਕਸ ਵਿਚ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਚਰਚ ਕਮੇਟੀ ਦੇ ਮੈਂਬਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।