ਧਰਤੀ ਦੀ ਰੱਖਿਆ ਕਰਨੀ ਸਾਂਝੀ ਜ਼ਿੰਮੇਵਾਰੀ : ਪ੍ਰਿੰਸ. ਦਿਨੇਸ਼ ਸਿੰਘ
'ਧਰਤੀ ਬਚਾਓ' ਦੇ ਸੰਦੇਸ਼ ਨਾਲ ਮਨਾਇਆ ਗਿਆ ਧਰਤੀ ਦਿਵਸ
Publish Date: Wed, 22 Apr 2026 07:12 PM (IST)
Updated Date: Wed, 22 Apr 2026 07:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਧਰਤੀ ਦਿਵਸ ਮੌਕੇ ਦਰਸ਼ਨ ਅਕੈਡਮੀ ’ਚ ਪ੍ਰਿੰਸੀਪਲ ਦਿਨੇਸ਼ ਸਿੰਘ ਦੀ ਅਗਵਾਈ ਹੇਠ ਕਈ ਰਚਨਾਤਮਕ ਤੇ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਵਿਦਿਆਰਥੀਆਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਦੇ ਹੋਏ ਵਾਤਾਵਰਨ ਸੰਭਾਲ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਬੱਚਿਆਂ ਨੇ ਕਲਪਨਾ ਤੇ ਰੰਗਾਂ ਦੀ ਵਰਤੋਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪੋਸਟਰ ਬਣਾ ਕੇ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਕ ਸਲੋਗਨ-ਲਿਖਣ ਮੁਕਾਬਲੇ ’ਚ ਹਿੱਸਾ ਲਿਆ, ਜਿਸ ’ਚ ਪ੍ਰਭਾਵਸ਼ਾਲੀ ਸਲੋਗਨਾਂ ਰਾਹੀਂ ਵਾਤਾਵਰਣ ਸੰਭਾਲਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ। ਪ੍ਰਾਰਥਨਾ ਸਭਾ ਦੌਰਾਨ ਇਕ ਵਿਦਿਆਰਥਣ ਨੇ ਵਿਸ਼ਵ ਧਰਤੀ ਦਿਵਸ ਤੇ ਭਾਸ਼ਣ ਦਿੱਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਕਿਹਾ ਕਿ ਧਰਤੀ ਸਾਡੀ ਸਾਂਝੀ ਵਿਰਾਸਤ ਹੈ ਤੇ ਇਸ ਦੀ ਰੱਖਿਆ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਛੋਟੇ-ਛੋਟੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਜਿਵੇਂ ਕਿ ਪਲਾਸਟਿਕ ਦੀ ਵਰਤੋਂ ਘਟਾਉਣਾ, ਰੁੱਖ ਲਗਾਉਣਾ, ਪਾਣੀ ਬਚਾਉਣਾ ਤੇ ਊਰਜਾ ਬਚਾਉਣਾ। ਇਸ ਮੌਕੇ ਤੇ ਸਕੂਲ ਭਾਈਚਾਰੇ ਨੇ ਸਮਾਜ ’ਚ ਵਾਤਾਵਰਣ ਸੰਭਾਲ ਦਾ ਸੰਦੇਸ਼ ਫੈਲਾਉਣ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ਼ ਤੇ ਸੁਰੱਖਿਅਤ ਧਰਤੀ ਬਣਾਉਣ ਦਾ ਸੰਕਲਪ ਲਿਆ।