ਕੈਂਪ ਦੌਰਾਨ ਵਿਦਿਆਰਥੀਆਂ ਨੂੰ ਆਫਤ ਪ੍ਰਬੰਧਨ ਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਦੱਸਿਆ
ਕੈਂਪ ਦੌਰਾਨ ਵਿਦਿਆਰਥੀਆ ਨੂੰ ਆਫਤ ਪ੍ਰਬੰਧਨ ਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਦੱਸਿਆ
Publish Date: Fri, 23 Jan 2026 06:24 PM (IST)
Updated Date: Fri, 23 Jan 2026 06:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਐੱਡ ਕਾਲਜ ਲਾਡੋਵਾਲੀ ਰੋਡ ਵਿਖੇ ਲੱਗੇ ਸਿਵਲ ਡਿਫੈਂਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਤੇ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ ਵਿਸੇਸ਼ ਕੈਂਪ ਲਾਇਆ ਗਿਆ। ਇਸ ਵਿੱਚ ਬੀਐੱਡ ਕਾਲਜ, ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਿਵਲ ਡਿਫੈਂਸ ਦੀ ਮੁੱਢਲੀ ਤੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਕੈਂਪ ਨੂੰ ਵੱਖ-ਵੱਖ ਸਿਖਲਾਈ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ, ਜਿਨ੍ਹਾਂ ਵਿੱਚ ਮੁੱਢਲੀ ਸਹਾਇਤਾ, ਅੱਗ ਸੁਰੱਖਿਆ, ਆਫ਼ਤ ਦੀ ਤਿਆਰੀ ਅਤੇ ਖੋਜ ਤੇ ਬਚਾਅ ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਲ ਸਨ। ਮੁੱਢਲੀ ਸਹਾਇਤਾ ਸੈਸ਼ਨ ਦੌਰਾਨ ਜ਼ਖ਼ਮੀ ਵਿਅਕਤੀਆਂ ਦੀ ਤੁਰੰਤ ਦੇਖਭਾਲ, ਖੂਨ ਵਹਿਣ ਨੂੰ ਰੋਕਣ ਅਤੇ ਸਦਮੇ ਦੇ ਇਲਾਜ ਬਾਰੇ ਵਿਸਥਾਰ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਫਾਇਰਮੈਨ ਲਿਫਟ, ਪਿੱਕ ਅੱਪ ਬੈਕ, ਫੁੱਟ ਡਰਾਏ ਅਤੇ ਰੈਸਕਿਊ ਡਰਾਗ ਵਰਗੀਆਂ ਤਕਨੀਕਾਂ ਦੀ ਅਭਿਆਸਕ ਸਿਖਲਾਈ ਦਿੱਤੀ ਗਈ।
ਇਸੇ ਤਰ੍ਹਾਂ ਅੱਗ ਸੁਰੱਖਿਆ ਸੈਸ਼ਨ ਦੌਰਾਨ ਐੱਲਪੀਜੀ ਅੱਗ ਨੂੰ ਕਾਬੂ ਕਰਨ, ਅੱਗ ਬੁਝਾਉਣ ਅਤੇ ਧੂੰਏਂ ਨਾਲ ਭਰੀਆਂ ਇਮਾਰਤਾਂ ਵਿੱਚ ਸੁਰੱਖਿਅਤ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਆਫ਼ਤ ਤਿਆਰੀ ਹੇਠ ਸੀਪੀਆਰ ਸੱਪ ਦੇ ਡੰਗ ਅਤੇ ਹੋਰ ਐਮਰਜੈਂਸੀ ਸਥਿਤੀਆਂ ਵਿੱਚ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਸਿਖਾਈਆਂ ਗਈਆਂ। ਖੋਜ ਤੇ ਬਚਾਅ ਸੈਸ਼ਨ ਵਿੱਚ ਕੰਕਰੀਟ ਕਟਰ ਅਤੇ ਏਅਰ ਲਿਫਟਿੰਗ ਬੈਗ ਵਰਗੇ ਯੰਤਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਕੈਂਪ ਦੌਰਾਨ ਸਿਖਿਆਰਥੀਆਂ ਨੂੰ ਟਰੈਕ ਸੂਟ, ਬੈਗ ਅਤੇ ਸਿਵਲ ਡਿਫੈਂਸ ਸਬੰਧੀ ਪੁਸਤਕਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਇੰਸਟਰਕਟਰ ਜਗਮਿੰਦਰ ਸਿੰਘ, ਨਵਦੀਪ ਸਿੰਘ, ਗਗਨਦੀਪ ਸਿੰਘ ਅਤੇ ਬਲਕਾਰ ਸਿੰਘ ਨੇ ਬਹੁਤ ਹੀ ਆਸਾਨ ਅਤੇ ਸਮਝਣਯੋਗ ਭਾਸ਼ਾ ਵਿੱਚ ਸਿਖਲਾਈ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।