ਉਦਯੋਗਿਕ ਡੀਜ਼ਲ ਮਹਿੰਗਾ ਹੋਣ ਨਾਲ ਉਦਯੋਗਾਂ ’ਤੇ 15 ਤੋਂ 20 ਫੀਸਦੀ ਵੱਧੇਗਾ ਵਾਧੂ ਬੋਝ, ਖਰਚ ਕੱਢਣਾ ਹੋਵੇਗਾ ਮੁਸ਼ਕਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਮਰੀਕਾ, ਇਜ਼ਰਾਈਲ ਤੇ ਈਰਾਨ ’ਚ ਜੰਗ ਕਾਰਨ ਪਹਿਲਾਂ ਹੀ ਪੈਟ੍ਰੋਲੀਅਮ ਕੈਮੀਕਲ ਮਹਿੰਗੇ ਹੋ ਚੁੱਕੇ ਹਨ। ਹੁਣ ਉਦਯੋਗਿਕ ਡੀਜ਼ਲ ਮਹਿੰਗਾ ਹੋਣ ਨਾਲ ਇਸ ਦਾ ਸਿੱਧਾ ਅਸਰ ਇੰਡਸਟਰੀ ’ਤੇ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਕਮਰਸ਼ੀਅਲ ਗੈਸ ਨਾ ਮਿਲਣ ਕਾਰਨ ਸਟਾਕ ਸਿਰਫ਼ ਪੰਜ ਤੋਂ ਛੇ ਦਿਨਾਂ ਲਈ ਹੀ ਬਚਿਆ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਇੰਡਸਟਰੀ ਲਈ ਸਰਵਾਈਵ ਕਰਨਾ ਮੁਸ਼ਕਿਲ ਹੋ ਸਕਦਾ ਹੈ। ਮਜ਼ਦੂਰਾਂ ਨੂੰ ਮਿਲਣ ਵਾਲੇ ਰੁਜ਼ਗਾਰ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਜੇਕਰ ਉਦਯੋਗਾਂ ’ਚ ਕੰਮ ਨਹੀਂ ਹੋਵੇਗਾ ਤਾਂ ਮਜ਼ਦੂਰਾਂ ਨੂੰ ਸ਼ਿਫਟ ਕਿਵੇਂ ਮਿਲੇਗੀ। ਉਦਯੋਗਾਂ ’ਚ ਕੰਮ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਡੀਜ਼ਲ ਦਾ ਇਸਤੇਮਾਲ ਮਸ਼ੀਨਾਂ ਚਲਾਉਣ ਤੇ ਬੈਕਅੱਪ ਵਜੋਂ ਕੀਤਾ ਜਾਂਦਾ ਹੈ। ਡੀਜ਼ਲ ਮਹਿੰਗਾ ਹੋਣ ਨਾਲ ਉਤਪਾਦਨ ਦੀ ਲਾਗਤ ਵਧੇਗੀ, ਜਿਸ ਦਾ ਅਸਰ ਬਾਜ਼ਾਰ ’ਚ ਕੀਮਤਾਂ ’ਤੇ ਵੀ ਪਵੇਗਾ। ਪਹਿਲਾਂ ਹੀ ਕੱਚੇ ਮਾਲ ਦੀਆਂ ਕੀਮਤਾਂ ਵਧ ਚੁੱਕੀਆਂ ਹਨ। ਹੁਣ ਉਦਯੋਗਾਂ ਦੇ ਉਤਪਾਦਨ ਖਰਚ ’ਤੇ ਹੋਰ ਵਾਧਾ ਹੋਣਾ ਲਾਜ਼ਮੀ ਹੈ। ਹਰ ਚੀਜ਼ ਮਹਿੰਗੀ ਹੋਣ ਨਾਲ ਆਉਣ ਵਾਲੇ ਦਿਨਾਂ ’ਚ ਇੰਡਸਟਰੀ ਲਈ ਟਿਕੇ ਰਹਿਣਾ ਔਖਾ ਹੋ ਸਕਦਾ ਹੈ।
ਅਲਾਸਕਾ ਤੇ ਫਲੇਕਸੋਲਾਈਟ ਦੇ ਐੱਮਡੀ ਵਿਵੇਕ ਗੁਪਤਾ ਨੇ ਕਿਹਾ ਕਿ ਇਸ ਵੇਲੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ, ਪਰ ਗਰਮੀਆਂ ’ਚ ਤਿੰਨ ਤੋਂ ਪੰਜ ਘੰਟਿਆਂ ਦੇ ਕੱਟ ਲੱਗਦੇ ਹਨ, ਜਿਸ ਦੌਰਾਨ ਜਨਰੇਟਰ ਚਲਾਉਣਾ ਪੈਂਦਾ ਹੈ। ਜ਼ਿਲ੍ਹੇ ’ਚ ਕਮਰਸ਼ੀਅਲ ਐੱਲਪੀਜੀ ਦੀ ਕਮੀ ਕਾਰਨ ਪਹਿਲਾਂ ਹੀ ਸਮੱਸਿਆ ਹੈ। ਹੁਣ ਡੀਜ਼ਲ ਮਹਿੰਗਾ ਹੋਣ ਨਾਲ ਮਹਿੰਗਾਈ ਦੇ ਸੰਕੇਤ ਸਪੱਸ਼ਟ ਦਿਖਣ ਲੱਗ ਪਏ ਹਨ।
ਕਾਸਟੈੱਕ ਇੰਡੀਆ ਦੇ ਐੱਮਡੀ ਪੰਕਜ ਅਹੂਜਾ ਨੇ ਕਿਹਾ ਕਿ ਜੰਗ ਕਾਰਨ ਪਹਿਲਾਂ ਹੀ ਸ਼ਿਪਿੰਗ ਕੰਟੇਨਰ ਮਹਿੰਗੇ ਹੋਣ ਨਾਲ ਉਦਯੋਗ ਪ੍ਰਭਾਵਿਤ ਹੈ। ਹੁਣ ਡੀਜ਼ਲ ਮਹਿੰਗਾ ਹੋਣ ਨਾਲ ਉਦਯੋਗਾਂ ’ਤੇ ਵਾਧੂ ਬੋਝ ਪੈ ਗਿਆ ਹੈ। ਹਰ ਇੰਡਸਟਰੀ ਦੇ ਖਰਚ ’ਚ ਲਗਭਗ 20 ਫ਼ੀਸਦੀ ਵਾਧਾ ਹੋ ਚੁੱਕਾ ਹੈ। ਖ਼ਰੀਦਦਾਰਾਂ ਵੱਲੋਂ ਆਰਡਰ ਵੀ ਬਹੁਤ ਘੱਟ ਮਿਲ ਰਹੇ ਹਨ। ਆਉਣ ਵਾਲੇ ਦਿਨਾਂ ’ਚ ਖਰਚ ਕੱਢਣਾ ਮੁਸ਼ਕਿਲ ਹੋ ਜਾਵੇਗਾ।
ਆਤਮ ਵਾਲਵਜ਼ ਦੇ ਐੱਮਡੀ ਅਮਿਤ ਜੈਨ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਉਤਪਾਦਨ ਸਮਰੱਥਾ ’ਤੇ ਸਿੱਧਾ ਅਸਰ ਪੈ ਸਕਦਾ ਹੈ। ਸ਼ਹਿਰ ਦੀਆਂ ਕਈ ਇੰਡਸਟ੍ਰੀਆਂ ’ਚ ਉਦਯੋਗਿਕ ਡੀਜ਼ਲ ਵਰਤਿਆ ਜਾਂਦਾ ਹੈ। ਡੀਜ਼ਲ ਤੇ ਪ੍ਰੀਮੀਅਮ ਪੈਟਰੋਲ ਦੀ ਕੀਮਤ ਵਾਧਾ ਜੰਗ ਦਾ ਨਤੀਜਾ ਹੈ। ਵਿਸ਼ਵ ਪੱਧਰ ’ਤੇ ਈਧਨ ਬਾਜ਼ਾਰ ਇਸ ਵੇਲੇ ਅਸਥਿਰ ਹੈ, ਜਿਸਦਾ ਦਬਾਅ ਹੁਣ ਘਰੇਲੂ ਬਾਜ਼ਾਰ ’ਚ ਵੀ ਦਿਖੇਗਾ।
ਰੈਨਸਨ ਸਪੋਰਟਸ ਦੇ ਐੱਮਡੀ ਅਰਵਿੰਦ ਰਾਣਾ ਨੇ ਦੱਸਿਆ ਕਿ ਕੀਮਤਾਂ ਵਧਣ ਨਾਲ ਉਤਪਾਦਾਂ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪੱਛਮੀ ਏਸ਼ੀਆ ’ਚ ਜੰਗ ਕਾਰਨ ਭਾਰਤ ’ਚ ਇਹ ਸੰਕਟ ਪੈਦਾ ਹੋਇਆ ਹੈ ਤੇ ਇਸ ਦਾ ਨੁਕਸਾਨ ਇੱਥੇ ਦੇ ਉਦਯੋਗ ਭੁਗਤ ਰਹੇ ਹਨ। ਸਪਲਾਈ ’ਤੇ ਵੀ ਅਸਰ ਦਿਖਣ ਲੱਗ ਪਏ ਹਨ। ਅਚਾਨਕ ਵਧੀਆਂ ਕੀਮਤਾਂ ਕਾਰਨ ਪੁਰਾਣੀ ਦਰ ’ਤੇ ਆਰਡਰ ਪੂਰੇ ਕਰਨਾ ਔਖਾ ਹੋ ਜਾਵੇਗਾ।