ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਨਸ਼ਾ ਛੱਡਕੇ ਪੈਰਾਂ ਸਿਰ ਖੜ੍ਹੇ ਹੋਏ 8 ਵਿਅਕਤੀ
ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਨਸ਼ਾ ਛੱਡਕੇ ਪੈਰਾਂ ਸਿਰ ਖੜ੍ਹੇ ਹੋਏ 8 ਵਿਅਕਤੀ
Publish Date: Mon, 05 Jan 2026 09:42 PM (IST)
Updated Date: Mon, 05 Jan 2026 09:44 PM (IST)

- 7 ਨੌਜਵਾਨਾਂ ਨੇ ਹਾਸਲ ਕੀਤੀ ਪਲੇਸਮੈਂਟ, ਇਕ ਨੇ ਸ਼ੁਰੂ ਕੀਤਾ ਸਵੈ-ਰੁਜ਼ਗਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਤੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਨਸ਼ਾਮੁਕਤ ਵਿਅਕਤੀ ਨਾ ਸਿਰਫ਼ ਸਿਹਤਮੰਦ ਜੀਵਨ ਸ਼ੈਲੀ ਵੱਲ ਵਾਪਸੀ ਕਰ ਰਹੇ ਹਨ, ਸਗੋਂ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਕੇ ਰੁਜ਼ਗਾਰ ਦੇ ਮੌਕੇ ਵੀ ਹਾਸਲ ਕਰ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸ਼ੇਖੇ ਵਿਖੇ ਦਾਖ਼ਲ 8 ਨਸ਼ਾ ਪ੍ਰਭਾਵਿਤ ਮਰੀਜ਼ਾਂ ਨੂੰ ਢੁੱਕਵਾਂ ਇਲਾਜ, ਕੌਂਸਲਿੰਗ ਤੇ ਹੁਨਰ ਸਿਖ਼ਲਾਈ ਪ੍ਰਦਾਨ ਕਰਨ ਉਪਰੰਤ ਸਫ਼ਲਤਾਪੂਰਵਕ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਇਨ੍ਹਾਂ ’ਚੋਂ ਜਿਥੇ 7 ਵਿਅਕਤੀਆਂ ਦੀ ਵੱਖ-ਵੱਖ ਕੰਪਨੀਆਂ ’ਚ ਪਲੇਸਮੈਂਟ ਕਰਵਾਈ ਗਈ ਹੈ, ਉਥੇ ਇਕ ਵਿਅਕਤੀ ਵੱਲੋਂ ਕੇਂਦਰ ਵਿਖੇ ਪ੍ਰਦਾਨ ਕੀਤੀ ਜਾਂਦੀ ਹੁਨਰ ਸਿਖ਼ਲਾਈ ਹਾਸਲ ਕਰਨ ਉਪਰੰਤ ਕਪੂਰਥਲਾ ਵਿਖੇ ਇਲੈਕਟ੍ਰੀਸ਼ਨ ਵਜੋਂ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਕੇਂਦਰ ’ਚ ਕੰਪਿਊਟਰ, ਇਲੈਕਟ੍ਰੀਸ਼ੀਅਨ ਦੀ ਸਿਖ਼ਲਾਈ ਪ੍ਰਦਾਨ ਕੀਤੀ ਗਈ ਸੀ, ਜੋ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਯੋਗ ਬਣਾਉਣ ’ਚ ਮੀਲ ਦਾ ਪੱਥਰ ਸਾਬਤ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਤੇ ਵਿਧਾਇਕ ਬਲਕਾਰ ਸਿੰਘ ਸਮੇਤ ਨਵੀਨੀਕਰਨ ਕੀਤੇ ਇਸ ਮਾਡਲ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨੂੰ ਅਕਤੂਬਰ 2025 ’ਚ ਸਮਰਪਿਤ ਕੀਤਾ ਸੀ। ਇਸ ਕੇਂਦਰ ਨੂੰ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਵਿਆਪਕ ਇਲਾਜ ਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਡਾ. ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸ਼ੇਖੇ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਇਸ ਕੇਂਦਰ ਨੂੰ ਅਤਿ ਆਧਨਿਕ ਜਿਮ, ਲਾਇਬ੍ਰੇਰੀ, ਕੰਪਿਊਟਰ ਤੇ ਇਲੈਕਟ੍ਰੀਕਲ ਲੈਬਜ਼ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਵਿਖੇ ਕੰਪਿਊਟਰ, ਇਲੈਕਟ੍ਰੀਸ਼ੀਅਨ, ਫੁੱਟਬਾਲ ਸਟਿਚਿੰਗ ਸਮੇਤ ਵੱਖ-ਵੱਖ ਕਿੱਤਾ ਮੁੱਖੀ ਕੋਰਸ ਵੀ ਨਿਯਮਿਤ ਚਲਾਏ ਜਾ ਰਹੇ ਹਨ, ਤਾਂ ਜੋ ਕੇਂਦਰ ਵਿਖੇ ਦਾਖ਼ਲ ਨੌਜਵਾਨਾਂ ਲਈ ਨਸ਼ਾ ਮੁਕਤ ਹੋਣ ਉਪਰੰਤ ਰੋਜ਼ਗਾਰ ਲਈ ਰਾਹ ਪੱਧਰਾ ਕੀਤਾ ਜਾ ਸਕੇ। ਡਾ. ਅਗਰਵਾਲ ਨੇ ਮੁੜ ਵਸੇਬਾ ਕੇਂਦਰ ਸ਼ੇਖੇ ਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਮੁੜ ਵਸੇਬੇ ’ਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਢੁੱਕਵਾਂ ਇਲਾਜ, ਸੁਚੱਜੀ ਦੇਖਭਾਲ ਤੇ ਹੁਨਰ ਸਿਖ਼ਲਾਈ, ਨਸ਼ਾ ਪ੍ਰਭਾਵਿਤ ਵਿਅਕਤੀਆਂ ਨੂੰ ਸਮਾਜ ਨਾਲ ਮੁੜ ਜੋੜਨ ਲਈ ਬਹੁਤ ਮਹੱਤਵਪੂਰਨ ਹੈ।