ਸਿਲੰਡਰਾਂ ਦੀ ਕਿੱਲਤ ਕਾਰਨ ਏਜੰਸੀਆਂ ਦੇ ਬਾਹਰ ਲੱਗਣ ਲੱਗੀਆਂ ਕਤਾਰਾਂ
ਰਸੋਈ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਲੋਕ ਏਜੰਸੀਆਂ ’ਤੇ ਪਹੁੰਚਣ ਲੱਗੇ, ਲੱਗੀਆਂ ਲਾਈਨਾਂ, ਬੁਕਿੰਗ ’ਚ ਵੀ ਆ ਰਹੀ ਦਿੱਕਤ
Publish Date: Thu, 12 Mar 2026 10:34 PM (IST)
Updated Date: Thu, 12 Mar 2026 10:36 PM (IST)

-ਮੰਗ ਤੇ ਸਪਲਾਈ ’ਚ ਵੱਡੇ ਫਰਕ ਕਾਰਨ ਬਣੀ ਸਥਿਤੀ --ਏਜੰਸੀਆਂ ’ਤੇ ਬੁਕਿੰਗ ਦਾ ਫਲੋ ਵਧਣ ਨਾਲ ਦਿੱਕਤ ਹੋ ਸਕਦੀ ਹੋਰ ਗੰਭੀਰ --ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਅਜੇ ਤੱਕ ਸ਼ੁਰੂ ਨਹੀਂ ਹੋਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਸੋਈ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਹੁਣ ਲੋਕ ਗੈਸ ਏਜੰਸੀਆਂ ’ਤੇ ਪੁੱਜਣ ਲੱਗੇ ਹਨ। ਹਾਲਾਂਕਿ 25 ਦਿਨਾਂ ਤੋਂ ਪਹਿਲਾਂ ਕੋਸ਼ਿਸ਼ ਕਰਨ ’ਤੇ ਆਨਲਾਈਨ ਬੁਕਿੰਗ ਨਹੀਂ ਹੋ ਰਹੀ। ਦੂਜੇ ਪਾਸੇ ਏਜੰਸੀ ਸੰਚਾਲਕ ਕਦੇ ਸਰਵਰ ਦੀ ਸਮੱਸਿਆ ਤਾਂ ਕਦੇ ਕੰਪਨੀ ਪੱਧਰ ’ਤੇ ਹੀ ਆਨਲਾਈਨ ਬੁਕਿੰਗ ਨਾ ਹੋਣ ਦਾ ਤਰਕ ਦੇ ਰਹੇ ਹਨ। ਇਸ ਕਾਰਨ ਉਪਭੋਗਤਾ ਗੈਸ ਏਜੰਸੀਆਂ ’ਤੇ ਜਾ ਕੇ ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਰ ਕੇ ਵੀਰਵਾਰ ਨੂੰ ਸ਼ਹਿਰ ਦੀਆਂ ਸਾਰੀਆਂ ਗੈਸ ਏਜੰਸੀਆਂ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਕਿਤੇ ਏਜੰਸੀ ਦਫਤਰਾਂ ਦੇ ਬਾਹਰ ਲਾਈਨਾਂ ਲੱਗ ਗਈਆਂ ਤਾਂ ਕਿਤੇ ਲੋਕਾਂ ਨੂੰ ਆਪਣੀ ਵਾਰੀ ਦੀ ਉਡੀਕ ਲਈ ਅੱਧੇ ਘੰਟੇ ਤੋਂ ਇਕ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਦੂਜੇ ਪਾਸੇ ਗੈਸ ਏਜੰਸੀ ’ਤੇ ਬੁਕਿੰਗ ਕਰਵਾਉਣ ਤੋਂ ਬਾਅਦ ਪਰਚੀ ਲੈ ਕੇ ਕਈ ਲੋਕ ਵਾਹਨਾਂ ’ਤੇ ਸਿਲੰਡਰ ਚੜ੍ਹਾ ਕੇ ਗੁਦਾਮਾਂ ਵੱਲ ਜਾਂਦੇ ਵੀ ਵੇਖੇ ਗਏ। ਇਸ ਦੌਰਾਨ ਵੀਰਵਾਰ ਨੂੰ ਵੀ ਕਮਰਸ਼ੀਅਲ ਗੈਸ ਦੀ ਸਪਲਾਈ ਬਾਰੇ ਕੋਈ ਹੁਕਮ ਨਾ ਆਉਣ ਕਾਰਨ ਕਮਰਸ਼ੀਅਲ ਸਿਲੰਡਰ ਵਰਤਣ ਵਾਲਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈਰਾਨ-ਅਮਰੀਕਾ-ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਐੱਲਪੀਜੀ ਦੀ ਸਪਲਾਈ ’ਤੇ ਸਭ ਤੋਂ ਵੱਧ ਪਿਆ ਹੈ। ਆਮ ਦਿਨਾਂ ’ਚ ਇਕ ਗੈਸ ਏਜੰਸੀ ’ਤੇ ਰੋਜ਼ਾਨਾ 100 ਤੋਂ 150 ਸਿਲੰਡਰਾਂ ਦੀ ਬੁਕਿੰਗ ਹੁੰਦੀ ਸੀ ਪਰ ਹੁਣ 400 ਤੋਂ 500 ਤੱਕ ਬੁਕਿੰਗ ਹੋ ਰਹੀ ਹੈ। ਜ਼ਿਲ੍ਹੇ ’ਚ ਰੋਜ਼ਾਨਾ ਔਸਤ 12 ਹਜ਼ਾਰ ਗੈਸ ਸਿਲੰਡਰਾਂ ਦੀ ਸਪਲਾਈ ਹੁੰਦੀ ਹੈ, ਜਦਕਿ ਮੰਗ ’ਚ ਚਾਰ ਤੋਂ ਪੰਜ ਗੁਣਾ ਤੱਕ ਵਾਧਾ ਹੋ ਗਿਆ ਹੈ। ਅਚਾਨਕ ਵਧੀ ਮੰਗ ਤੇ ਸਪਲਾਈ ’ਚ ਵੱਡੇ ਅੰਤਰ ਦਾ ਅਸਰ ਹੀ ਕਮੀ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਇਸ ਕਾਰਨ ਲੋਕਾਂ ’ਚ ਦੁਚਿੱਤੀ ਦੀ ਸਥਿਤੀ ਬਣ ਗਈ ਹੈ ਤੇ ਆਨਲਾਈਨ ਬੁਕਿੰਗ ਨਾ ਹੋਣ ’ਤੇ ਉਹ ਸਿੱਧੇ ਗੈਸ ਏਜੰਸੀਆਂ ’ਤੇ ਪੁੱਜ ਰਹੇ ਹਨ। ------------------------------ ਲੋਕਾਂ ਨੇ ਢੁੱਕਵੇਂ ਪ੍ਰਬੰਧ ਕਰਨ ਦੀ ਕੀਤੀ ਮੰਗ ਘਰੇਲੂ ਗੈਸ ਕੁਨੈਕਸ਼ਨ ਵਾਲੇ ਖਪਤਕਾਰ ਬੁਕਿੰਗ ਕਾਪੀ ਲੈ ਕੇ ਗੈਸ ਏਜੰਸੀਆਂ ’ਤੇ ਪੁੱਜ ਰਹੇ ਹਨ ਤੇ ਕਈ ਥਾਵਾਂ ’ਤੇ ਲਾਈਨਾਂ ਲੱਗਣ ਲੱਗੀਆਂ ਹਨ। ਇਹ ਲਾਈਨਾਂ ਵੀਰਵਾਰ ਸਵੇਰੇ ਤੋਂ ਦੁਪਹਿਰ ਤੱਕ ਲੱਗੀਆਂ ਰਹੀਆਂ। ਜਿਨ੍ਹਾਂ ਖਪਤਕਾਰਾਂ ਦੇ 25 ਦਿਨ ਪੂਰੇ ਹੋ ਚੁੱਕੇ ਹਨ, ਉਨ੍ਹਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ, ਜਦਕਿ ਜਿਨ੍ਹਾਂ ਦੇ 25 ਦਿਨ ਪੂਰੇ ਨਹੀਂ ਹੋਏ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਲਾਡੋਵਾਲੀ ਰੋਡ ਸਥਿਤ ਗੈਸ ਏਜੰਸੀ ’ਤੇ ਸਿਲੰਡਰ ਬੁੱਕ ਕਰਵਾਉਣ ਆਏ ਰਾਜੀਵ ਕੁਮਾਰ ਨੇ ਕਿਹਾ ਕਿ ਆਨਲਾਈਨ ਬੁਕਿੰਗ ਨਾ ਹੋਣ ਕਰਕੇ ਉਹ ਏਜੰਸੀ ’ਤੇ ਆਏ ਹਨ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਮਿਲੀ ਸੀ ਪਰ ਉਸ ਤੋਂ ਬਾਅਦ ਬੁਕਿੰਗ ਨਹੀਂ ਹੋ ਸਕੀ। ਇਸੇ ਤਰ੍ਹਾਂ ਬਸਤੀ ਸ਼ੇਖ ਸਥਿਤ ਗੈਸ ਏਜੰਸੀ ’ਤੇ ਆਏ ਪਵਨ ਕੁਮਾਰ ਨੇ ਕਿਹਾ ਕਿ ਗੈਸ ਦੀ ਕਮੀ ਬਾਰੇ ਸੁਣ ਕੇ ਉਨ੍ਹਾਂ ਨੇ ਆਨਲਾਈਨ ਬੁਕਿੰਗ ਦੀ ਕੋਸ਼ਿਸ਼ ਕੀਤੀ ਸੀ ਪਰ ਨਾ ਹੋਣ ’ਤੇ ਉਹ ਏਜੰਸੀ ’ਤੇ ਆਏ। ਇੱਥੇ ਕਰਮਚਾਰੀਆਂ ਨੇ ਪੋਰਟਲ ਰਾਹੀਂ ਬੁਕਿੰਗ ਕਰ ਲਈ ਤੇ ਪੰਜ ਦਿਨਾਂ ’ਚ ਸਪਲਾਈ ਦੇਣ ਦਾ ਭਰੋਸਾ ਦਿੱਤਾ। -------------------------------- ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਅਜੇ ਵੀ ਸ਼ੁਰੂ ਨਹੀਂ ਹੋਈ ਗੈਸ ਏਜੰਸੀਆਂ ’ਤੇ ਇਕ ਹਫ਼ਤੇ ਬਾਅਦ ਵੀ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਸ਼ੁਰੂ ਨਹੀਂ ਕੀਤੀ ਗਈ। ਨਾ ਹੀ ਆਇਲ ਕੰਪਨੀਆਂ ਵੱਲੋਂ ਇਸ ਬਾਰੇ ਕੋਈ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਕਾਰਨ ਕਮਰਸ਼ੀਅਲ ਸਿਲੰਡਰ ਵਰਤਣ ਵਾਲਿਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਸ਼ਹਿਰ ’ਚ ਓਲਡ ਜੀਟੀ ਰੋਡ, ਨਵੀਂ ਦਾਣਾ ਮੰਡੀ ਰੋਡ ਤੇ ਆਦਰਸ਼ ਨਗਰ ਮੇਨ ਰੋਡ ’ਤੇ ਲੱਗਣ ਵਾਲੀਆਂ ਖਾਣ-ਪੀਣ ਦੀਆਂ ਰਹੜੀਆਂ ਦੀ ਗਿਣਤੀ ’ਚ ਵੀ ਲਗਪਗ 30 ਫੀਸਦੀ ਤੱਕ ਕਮੀ ਦੇਖੀ ਗਈ ਹੈ। ------------------------ 25 ਦਿਨ ਬਾਅਦ ਬੁਕਿੰਗ ਕਰਨ ਵਾਲਿਆਂ ਨੂੰ ਹੀ ਮਿਲ ਰਹੀ ਸਪਲਾਈ ਗੈਸ ਏਜੰਸੀ ਸੰਚਾਲਕਾਂ ਨੇ ਕਿਹਾ ਕਿ ਡਲਿਵਰੀ ਤੋਂ 25 ਦਿਨ ਬਾਅਦ ਬੁਕਿੰਗ ਕਰਨ ਵਾਲੇ ਉਪਭੋਗਤਾਵਾਂ ਨੂੰ ਹੀ ਸਪਲਾਈ ਦਿੱਤੀ ਜਾ ਰਹੀ ਹੈ। ਹਾਲਾਂਕਿ ਮੰਗ ਅਤੇ ਸਪਲਾਈ ’ਚ ਅੰਤਰ ਕਾਰਨ ਸਿਲੰਡਰ ਪਹੁੰਚਣ ’ਚ ਚਾਰ ਤੋਂ ਪੰਜ ਦਿਨ ਲੱਗ ਰਹੇ ਹਨ। ਗੈਸ ਵਿਕ੍ਰੇਤਾ ਲਲਤੇਸ਼ ਭਸੀਨ ਤੇ ਮੈਨੇਜਰ ਜਗਦੀਸ਼ ਕੁਮਾਰ ਨੇ ਕਿਹਾ ਕਿ ਕਮਰਸ਼ੀਅਲ ਸਪਲਾਈ ਬਾਰੇ ਅਜੇ ਤੱਕ ਕੋਈ ਨਿਰਦੇਸ਼ ਨਹੀਂ ਮਿਲੇ ਪਰ ਘਰੇਲੂ ਉਪਭੋਗਤਾਵਾਂ ਨੂੰ ਲਗਾਤਾਰ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਲੋੜ ਮੁਤਾਬਕ ਹੀ ਸਿਲੰਡਰ ਬੁੱਕ ਕਰਨ ਦੀ ਅਪੀਲ ਕੀਤੀ। ------------------------ 66 ਫੁੱਟ ਰੋਡ ’ਤੇ ਐੱਚਪੀ ਦਾ ਪੈਟਰੋਲ ਪੰਪ ਦੋ ਦਿਨ ਤੋਂ ਖਾਲੀ ਦੋ ਹੋਰ ਪੰਪਾਂ ’ਤੇ ਸਪਲਾਈ ਦੇਰੀ ਨਾਲ ਪਹੁੰਚੀ ਪੈਟਰੋਲ ਤੇ ਡੀਜ਼ਲ ਦੀ ਮੰਗ ਵੀ ਪਿੰਡਾਂ ’ਚ ਕਾਫ਼ੀ ਵਧ ਗਈ ਹੈ। ਕਮੀ ਦੇ ਡਰ ਨਾਲ ਕਿਸਾਨਾਂ ਤੇ ਹੋਰ ਉਪਭੋਗਤਾਵਾਂ ਨੇ ਪੈਟਰੋਲ-ਡੀਜ਼ਲ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗ ਅਚਾਨਕ ਵਧਣ ਕਾਰਨ ਪੈਟਰੋਲ ਪੰਪਾਂ ’ਤੇ ਸਪਲਾਈ ’ਚ ਦੇਰੀ ਹੋ ਰਹੀ ਹੈ। ਜਲੰਧਰ ’ਚ ਦੋ ਦਿਨਾਂ ’ਚ ਤਿੰਨ ਪੈਟਰੋਲ ਪੰਪ ਬੰਦ ਰਹੇ। ਸੂਰਿਆ ਇਨਕਲੇਵ ਤੇ ਜੇਐੱਮਪੀ ਨੇੜੇ ਪੈਟਰੋਲ ਪੰਪਾਂ ’ਤੇ ਸਪਲਾਈ ਇਕ ਦਿਨ ਦੇਰੀ ਨਾਲ ਪਹੁੰਚੀ, ਜਦਕਿ 66 ਫੁੱਟ ਰੋਡ ’ਤੇ ਐੱਚਪੀ ਦਾ ਪੰਪ ਵੀਰਵਾਰ ਤੱਕ ਖਾਲੀ ਰਿਹਾ। ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੋਹਨ ਸਿੰਘ ਸਹਿਗਲ ਨੇ ਕਿਹਾ ਕਿ ਜਲੰਧਰ ’ਚ ਪੈਟਰੋਲ ਜਾਂ ਡੀਜ਼ਲ ਦੀ ਕੋਈ ਘਾਟ ਨਹੀਂ ਹੈ। ਜੇ ਕਿਤੇ ਸਪਲਾਈ ਨਹੀਂ ਪੁੱਜੀ ਤਾਂ ਉਸਦੇ ਹੋਰ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਲੋੜ ਤੋਂ ਵੱਧ ਪੈਟਰੋਲ ਤੇ ਡੀਜ਼ਲ ਖਰੀਦਦੇ ਰਹੇ ਤਾਂ ਅੱਗੇ ਜਾ ਕੇ ਹਾਲਾਤ ਮੁਸ਼ਕਲ ਹੋ ਸਕਦੇ ਹਨ। ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਪਹਿਲਾਂ ਹੀ ਪੈਟਰੋਲਿਅਮ ਕੰਪਨੀਆਂ ਦੇ ਅਧਿਕਾਰੀਆਂ ਤੇ ਪੰਪ ਸੰਚਾਲਕਾਂ ਨਾਲ ਮੀਟਿੰਗ ਕਰਕੇ ਸਪਲਾਈ ਪ੍ਰਭਾਵਿਤ ਨਾ ਹੋਣ ਤੇ ਸਟਾਕ ਇਕੱਠਾ ਨਾ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ।