ਗਲਤੀ ਤੇ ਅਣਦੇਖੀ ਕਾਰਨ ਵਾਪਰਦੇ ਨੇ ਹਾਦਸੇ : ਡੀਐੱਸਪੀ
ਡੀਐੱਸਪੀ ਸੁਖਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਕੀਤਾ ਜਾਗਰੂਕ
Publish Date: Fri, 30 Jan 2026 07:35 PM (IST)
Updated Date: Fri, 30 Jan 2026 07:37 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਿਦਿਆਰਥੀਆਂ ਵਿਚ ਟ੍ਰੈਫਿਕ ਨਿਯਮਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸੜਕ ਸੁਰੱਖਿਆ ਅਤੇ ਟ੍ਰੈਫਿਕ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ-ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਤੇ ਪ੍ਰਿੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਰਵਾਏ ਸੈਮੀਨਾਰ ਦੌਰਾਨ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਬ-ਇੰਸਪੈਕਟਰ ਬਲਵੀਰ ਸਿੰਘ, ਏਐੱਸਆਈ ਜਸਪਾਲ ਸਿੰਘ ਅਤੇ ਮੁਨਸ਼ੀ ਬਿਕਰਮਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਸੜਕੀ ਹਾਦਸੇ ਮਨੁੱਖੀ ਗਲਤੀਆਂ, ਖਾਸਕਰ ਲਾਪਰਵਾਹੀ ਅਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਾਰਨ ਵਾਪਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਕਰਕੇ ਹੀ ਸੜਕੀ ਹਾਦਸਿਆਂ ਦੇ ਵਧਦੇ ਗ੍ਰਾਫ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਸੈਮੀਨਾਰ ਦੌਰਾਨ ਲੀਡ ਦੇ ਜੁਆਇੰਟ ਡਾਇਰੈਕਟਰ ਅਤੇ ਸਾਬਕਾ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਵੱਲੋਂ ਟ੍ਰੈਫਿਕ ਸਿੱਖਿਆ ਸਬੰਧੀ ਤਿਆਰ ਕੀਤੀ ਵਿਸ਼ੇਸ਼ ਸਮੱਗਰੀ ਵਿਦਿਆਰਥੀਆਂ ਨੂੰ ਵੰਡੀ ਗਈ। ਅੰਤ ਵਿਚ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਪੁਲਿਸ ਪ੍ਰਸ਼ਾਸਨ ਦਾ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ।