ਡੀਐੱਸਪੀ ਬੱਲ ਨੇ ਸੰਭਾਲਿਆ ਸ਼ਾਹਕੋਟ ਸਬ-ਡਵੀਜ਼ਨ ਦਾ ਚਾਰਜ
ਡੀਐੱਸਪੀ ਸਰਵਣ ਸਿੰਘ ਬੱਲ ਵੱਲੋਂ ਸ਼ਾਹਕੋਟ ਸਬ ਡਵੀਜਨ ਦਾ ਚਾਰਜ ਸੰਭਾਲਦਿਆਂ ਐੱਸਐੱਚਓ ਨੂੰ ਦਿੱਤੀਆਂ ਹਦਾਇਤਾਂ
Publish Date: Tue, 21 Apr 2026 06:36 PM (IST)
Updated Date: Tue, 21 Apr 2026 06:40 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਬ-ਡਵੀਜ਼ਨ ਦੇ ਨਵੇਂ ਡੀਐੱਸਪੀ ਵਜੋਂ ਸਰਵਣ ਸਿੰਘ ਬੱਲ ਨੇ ਅਹੁਦਾ ਸੰਭਾਲ ਲਿਆ ਹੈ। ਚਾਰਜ ਸੰਭਾਲਦਿਆਂ ਹੀ ਉਨ੍ਹਾਂ ਨੇ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨਾਲ ਨਜਿੱਠਣ ਲਈ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਐੱਸਐੱਚਓ ਦਿਲਬਾਗ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤਾਂ ਜਾਰੀ ਕੀਤੀਆਂ। ਡੀਐੱਸਪੀ ਬੱਲ ਨੇ ਸ਼ਹਿਰ ਦੇ ਮੇਨ ਬਾਜ਼ਾਰ ਤੇ ਮੋਗਾ ਰੋਡ ਤੇ ਲੱਗਦੇ ਭਾਰੀ ਜਾਮ ਕਾਰਨ ਪੈਦਾ ਹੁੰਦੀ ਟ੍ਰੈਫਿਕ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਨੇ ਸਰਕਾਰੀ ਹਸਪਤਾਲ ਦੇ ਓਟ ਸੈਂਟਰ ਦੇ ਆਲੇ-ਦੁਆਲੇ ਨਸ਼ੇੜੀਆਂ ਦੇ ਲੱਗਦੀ ਭੀੜ ਨੂੰ ਸਖ਼ਤੀ ਨਾਲ ਰੋਕਣ, ਇਲਾਕੇ ਵਿਚ ਚੱਲ ਰਹੇ ਕਥਿਤ ਦੇਹ ਵਪਾਰ ਦੇ ਅੱਡਿਆਂ ਦਾ ਸਫਾਇਆ ਕਰਨ ਅਤੇ ਬਿਨ੍ਹਾਂ ਨੰਬਰ ਪਲੇਟਾਂ ਤੋਂ ਘੁੰਮਦੇ ਵਾਹਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਗੱਲਬਾਤ ਕਰਦਿਆਂ ਡੀਐੱਸਪੀ ਨੇ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਿੱਧੀ ਚਿਤਾਵਨੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਉਨ੍ਹਾਂ ਨੂੰ ਦੇਣ, ਸੂਚਨਾ ਦੇਣ ਵਾਲੇ ਦਾ ਨਾਮ ਤੇ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਉਨ੍ਹਾਂ ਬੁਲੇਟ ਮੋਟਰਸਾਈਕਲਾਂ ਦੇ ਸਲੰਸਰ ਬਦਲ ਕੇ ਪਟਾਕੇ ਪਾਉਣ ਵਾਲੇ, ਤਿੰਨ ਸਵਾਰੀਆਂ ਬਿਠਾਉਣ ਵਾਲੇ ਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਲਾਕੇ ਦੇ ਮੋਹਤਬਰਾਂ ਦੇ ਸਹਿਯੋਗ ਨਾਲ ਸ਼ਾਹਕੋਟ ਨੂੰ ਅਪਰਾਧ ਮੁਕਤ ਬਣਾਇਆ ਜਾਵੇਗਾ।