ਨਕੋਦਰ ’ਚ ਸੜਕਾਂ ਤੋਂ ਹਟਾਏ ਨਾਜਾਇਜ਼ ਕਬਜ਼ੇ
ਡੀਐੱਸਪੀ ਓਂਕਾਰ ਸਿੰਘ ਬਰਾੜ ਵੱਲੋਂ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਸਖ਼ਤ ਚੇਤਾਵਨੀ
Publish Date: Sat, 21 Mar 2026 08:03 PM (IST)
Updated Date: Sat, 21 Mar 2026 08:07 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਪੁਲਿਸ ਵੱਲੋਂ ਸ਼ਹਿਰ ’ਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਕੀਤੀ। ਉਨ੍ਹਾਂ ਦੇ ਨਾਲ ਸਿਟੀ ਤੇ ਸਦਰ ਨਕੋਦਰ ਦੇ ਐੱਸਐੱਚਓ ਤੇ ਪੁਲਿਸ ਟੀਮਾਂ ਨੇ ਸ਼ਹਿਰ ਦੇ ਵੱਡੇ ਤੇ ਛੋਟੇ ਬਜ਼ਾਰਾਂ ਵਿੱਚ ਜਾ ਕੇ ਉਨ੍ਹਾਂ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਚਿਤਾਵਨੀ ਦਿੱਤੀ, ਜਿਨ੍ਹਾਂ ਵੱਲੋਂ ਦੁਕਾਨਾਂ ਦੇ ਅੱਗੇ ਸੜਕਾਂ ਤੇ ਰਸਤਿਆਂ ’ਤੇ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਪੁਲਿਸ ਟੀਮ ਵੱਲੋਂ ਮੌਕੇ ’ਤੇ ਹੀ ਕਈ ਥਾਵਾਂ ’ਤੇ ਨਾਜਾਇਜ਼ ਕਬਜ਼ੇ ਹਟਾਏ ਗਏ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਅੱਗੇ ਤੋਂ ਸੜਕਾਂ ’ਤੇ ਸਾਮਾਨ ਨਾ ਰੱਖਿਆ ਜਾਵੇ। ਡੀਐੱਸਪੀ ਬਰਾੜ ਨੇ ਕਿਹਾ ਕਿ ਕਬਜ਼ਿਆਂ ਕਾਰਨ ਆਮ ਲੋਕਾਂ, ਸਕੂਲ-ਕਾਲਜ ਦੇ ਵਿਦਿਆਰਥੀਆਂ ਤੇ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਟ੍ਰੈਫਿਕ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਵੀ ਕਿਸੇ ਨੇ ਨਾਜਾਇਜ਼ ਕਬਜ਼ੇ ਕੀਤੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸਬੰਧਤ ਵਿਭਾਗਾਂ ਦੀ ਮਦਦ ਨਾਲ ਸਖ਼ਤ ਕਦਮ ਚੁੱਕੇ ਜਾਣਗੇ। ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਮੁਹਿੰਮ ਆਮ ਜਨਤਾ ਦੀ ਸਹੂਲਤ ਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਆਗਾਮੀ ਸਮੇਂ ’ਚ ਵੀ ਜਾਰੀ ਰਹੇਗੀ।