ਫੜੇ ਜਾਣ ’ਤੇ ਨਹਿਰ

ਫੜੇ ਜਾਣ ’ਤੇ ਨਹਿਰ ’ਚ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼
ਰਾਕੇਸ਼ ਗਾਂਧੀ ਪੰਜਾਬੀ ਜਾਗਰਣ, ਜਲੰਧਰ : ਦੇਰ ਰਾਤ ਸ਼ਹਿਰ ਦੇ ਬਸਤੀ ਪੀਰਦਾਦ ਰੋਡ 'ਤੇ ਹਫੜਾ-ਦਫੜੀ ਮਚ ਗਈ, ਜਦੋਂ ਸ਼ਰਾਬ ਦੇ ਨਸ਼ੇ ਵਿਚ ਇੱਕ ਨੌਜਵਾਨ ਨੇ ਤੇਜ਼ ਰਫ਼ਤਾਰ ਫਾਰਚੂਨਰ ਨਾਲ ਸੜਕ ਕੰਢੇ ਖੜ੍ਹੇ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਅਨੁਸਾਰ, ਗੱਡੀ ਇੰਨੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਡਰਾਈਵਰ ਨੇ ਕੰਟਰੋਲ ਗੁਆ ਲਿਆ ਤੇ ਇਕ ਪਲ ਵਿਚ ਸੜਕ 'ਤੇ ਖੜ੍ਹੇ ਦੋਪਹੀਆ ਵਾਹਨਾਂ ਸਮੇਤ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਏਅਰਬੈਗ ਵੀ ਖੁੱਲ੍ਹ ਗਏ ਤੇ ਗੱਡੀ ਆਖਰਕਾਰ ਸੜਕ ਕੰਢੇ ਖੜ੍ਹੇ ਇਕ ਖੰਭੇ ਨਾਲ ਟਕਰਾ ਗਈ, ਜਿਸ ਨਾਲ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਸ ਘਟਨਾ ਕਾਰਨ ਮੌਕੇ 'ਤੇ ਮੌਜੂਦ ਲੋਕਾਂ ’ਚ ਗੁੱਸਾ ਭੜਕ ਗਿਆ ਤੇ ਰਾਹਗੀਰਾਂ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਫੜ ਲਿਆ। ਚਸ਼ਮਦੀਦਾਂ ਅਨੁਸਾਰ ਨੌਜਵਾਨ ਨਸ਼ੇ ’ਚ ਟੱਲੀ ਸੀ ਤੇ ਸਹੀ ਢੰਗ ਨਾਲ ਖੜ੍ਹਾ ਹੋਣ ’ਚ ਅਸਮਰੱਥ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਉਸ ਨੂੰ ਪੁਲਿਸ ਸਟੇਸ਼ਨ ਲਿਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਨੌਜਵਾਨ ਥੋੜ੍ਹੀ ਦੂਰੀ 'ਤੇ ਗੱਡੀ ’ਚੋਂ ਭੱਜ ਗਿਆ ਤੇ ਖੁਦ ਨੂੰ ਬਚਾਉਣ ਲਈ ਨੇੜਲੀ ਨਹਿਰ ’ਚ ਛਾਲ ਮਾਰ ਦਿੱਤੀ। ਇਸ ਅਚਾਨਕ ਵਾਪਰੀ ਘਟਨਾ ਨੇ ਉੱਥੇ ਮੌਜੂਦ ਲੋਕਾਂ ਤੇ ਪੁਲਿਸ ਦੋਵਾਂ ਨੂੰ ਹੈਰਾਨ ਕਰ ਦਿੱਤਾ। ਪੁਲਿਸ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਤੁਰੰਤ ਨਹਿਰ ’ਚ ਭਾਲ ਸ਼ੁਰੂ ਕੀਤੀ ਗਈ। ਜੱਦੋ-ਜਹਿਦ ਤੋਂ ਬਾਅਦ ਨੌਜਵਾਨ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਮੁੜ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁਲਿਸ ਸਟੇਸ਼ਨ ਲੈ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਤੇਜ਼ ਰਫ਼ਤਾਰ ਵਾਹਨ ਨੇ ਸੜਕ 'ਤੇ ਇੱਕ ਰਿਕਸ਼ਾ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਪਲਟ ਗਿਆ। ਇਕ ਔਰਤ ਆਪਣੀ ਛੋਟੀ ਧੀ ਨਾਲ ਰਿਕਸ਼ੇ ’ਚ ਬੈਠੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਸੜਕ 'ਤੇ ਡਿੱਗ ਗਈਆਂ ਤੇ ਗੰਭੀਰ ਜ਼ਖਮੀ ਹੋ ਗਈਆਂ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇੱਕ ਨਿੱਜੀ ਵਾਹਨ ਵਿਚ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਵਾਹਨ ਸਮੇਂ ਸਿਰ ਖੰਭੇ ਨਾਲ ਨਾ ਟਕਰਾਉਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਜਿਸਦੇ ਨਤੀਜੇ ਵਜੋਂ ਕਈ ਹੋਰ ਜਾਨਾਂ ਜਾ ਸਕਦੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਡਾਕਟਰੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਸੀ। ਹਾਦਸੇ ’ਚ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।