ਜਲੰਧਰ ’ਚ ਸ਼ਰਾਬੀ ਬੋਲੈਰੋ ਚਾਲਕ ਨੇ ਮਚਾਈ ਤਬਾਹੀ, ਸ਼ਾਸਤਰੀ ਚੌਕ 'ਤੇ ਦੁਕਾਨ ਦਾ ਸ਼ਟਰ ਤੋੜਿਆ
ਜਲੰਧਰ ’ਚ ਸ਼ਰਾਬੀ ਬੋਲੈਰੋ ਚਾਲਕ ਨੇ ਮਚਾਈ ਤਬਾਹੀ, ਸ਼ਾਸਤਰੀ ਚੌਕ 'ਤੇ ਦੁਕਾਨ ਦਾ ਸ਼ਟਰ ਤੋੜਿਆ
Publish Date: Sun, 08 Mar 2026 08:00 PM (IST)
Updated Date: Mon, 09 Mar 2026 04:12 AM (IST)

---ਨਾਮਦੇਵ ਚੌਕ ਨੇੜੇ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਸ਼ਹਿਰ ਦੇ ਸ਼ਾਸਤਰੀ ਚੌਕ ਖੇਤਰ ’ਚ ਸ਼ਰਾਬ ਦੇ ਨਸ਼ੇ ’ਚ ਇਕ ਤੇਜ਼ ਰਫ਼ਤਾਰ ਬੋਲੈਰੋ ਚਾਲਕ ਸੜਕ ਕਿਨਾਰੇ ਇਕ ਬੰਦ ਦੁਕਾਨ ’ਚ ਜਾ ਵੱਜਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੁਕਾਨ ਦਾ ਸ਼ਟਰ ਟੁੱਟ ਗਿਆ ਤੇ ਇਕ ਥੰਮ੍ਹ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਭੱਜ ਗਿਆ, ਪਰ ਲੋਕਾਂ ਦੀ ਚੌਕਸੀ ਕਾਰਨ, ਉਸਨੂੰ ਨਾਮਦੇਵ ਚੌਕ ਨੇੜੇ ਥੋੜ੍ਹੀ ਦੂਰੀ ਤੇ ਫੜ ਲਿਆ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਤੇ ਗੱਡੀ ਦਾ ਨੰਬਰ ਨੋਟ ਕੀਤਾ। ਫਿਰ ਉਨ੍ਹਾਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਤੇ ਉਸਨੂੰ ਨਾਮਦੇਵ ਚੌਕ ਨੇੜੇ ਰੋਕ ਲਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਤੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ। ਮੁਲਜ਼ਮ ਡਰਾਈਵਰ ਨੇ ਆਪਣੀ ਪਛਾਣ ਰਾਜ ਸਿੰਘ ਵਜੋਂ ਦੱਸੀ। ਚਸ਼ਮਦੀਦਾਂ ਦੇ ਅਨੁਸਾਰ ਉਹ ਬਹੁਤ ਜ਼ਿਆਦਾ ਨਸ਼ੇ ’ਚ ਸੀ ਤੇ ਸਹੀ ਢੰਗ ਨਾਲ ਬੋਲਣ ਤੋਂ ਅਸਮਰੱਥ ਸੀ। ਗੱਡੀ ਦੀ ਤਲਾਸ਼ੀ ਲੈਣ ਤੇ ਵੋਡਕਾ ਦੀ ਇਕ ਬੋਤਲ ਵੀ ਮਿਲੀ। ਦੂਜੇ ਪਾਸੇ, ਪੀੜਤ ਦੁਕਾਨਦਾਰ ਨੇ ਦੱਸਿਆ ਕਿ ਸੈਂਟਰਲ ਟਾਊਨ ’ਚ ਉਸਦੇ ਵੱਡੇ ਭਰਾ ਮਹਿੰਦਰ ਪਾਲ ਸਿੰਘ ਦੀ ਦੁਕਾਨ ਨੂੰ ਇਕ ਤੇਜ਼ ਰਫ਼ਤਾਰ ਬੋਲੈਰੋ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੁਕਾਨ ਦਾ ਸ਼ਟਰ ਟੁੱਟ ਗਿਆ ਤੇ ਖੰਭੇ ਨੂੰ ਨੁਕਸਾਨ ਪਹੁੰਚਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਡਰਾਈਵਰ ਨੂੰ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।