-ਦੁਸਹਿਰਾ ਗਰਾਊਂਡ ’ਚ ਸਵੇਰੇ

-ਦੁਸਹਿਰਾ ਗਰਾਊਂਡ ’ਚ ਸਵੇਰੇ ਲੋਕ ਸੈਰ ਕਰਨ ਆਏ ਤਾਂ ਬੈਂਚ ’ਤੇ ਮ੍ਰਿਤਕ ਪਿਆ ਸੀ ਨੌਜਵਾਨ
-ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ-ਕਈ ਵਾਰੀ ਨੌਜਵਾਨ ਨੂੰ ਨਸ਼ਾ ਕਰਦੇ ਦੇਖਿਆ
-ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿਚ ਰਖਵਾਇਆ
ਜਾਸ, ਜਲੰਧਰ : ਨਸ਼ਾ ਇਕ-ਇਕ ਕਰ ਕੇ ਘਰਾਂ ਦੇ ਚਿਰਾਗ ਬੁਝਾ ਰਿਹਾ ਹੈ। ਹੁਣ ਸ਼ਹਿਰ ਦੇ ਕਬੀਰ ਵਿਹਾਰ ਕਟਿਹਰਾ ਮੁਹੱਲੇ ’ਚ ਦੁਸਹਿਰਾ ਗਰਾਊਂਡ ’ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦੀ ਨਸ਼ੇ ਨਾਲ ਮੌਤ ਹੋਈ ਹੈ। ਪਿਛਲੇ ਲਗਪਗ 45 ਦਿਨਾਂ ’ਚ ਜ਼ਿਲ੍ਹੇ ’ਚ ਨਸ਼ੇ ਕਾਰਨ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਲ ਹੈ।
ਇਸ ਘਟਨਾ ਦਾ ਪਤਾ ਸੋਮਵਾਰ ਸਵੇਰੇ ਉਸ ਵੇਲੇ ਲੱਗਾ, ਜਦੋਂ ਲੋਕ ਦੁਸਹਿਰਾ ਗਰਾਊਂਡ ’ਚ ਸੈਰ ਕਰਨ ਲਈ ਪੁੱਜੇ। ਉਨ੍ਹਾਂ ਦੀ ਨਜ਼ਰ ਬੈਂਚ ’ਤੇ ਪਏ ਇਕ ਨੌਜਵਾਨ ’ਤੇ ਪਈ। ਫੌਰੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਹਾਲਾਂਕਿ ਤਲਾਸ਼ੀ ਉਸ ਕੋਲੋਂ ਸਿਗਰੇਟ ਤੇ ਤੰਬਾਕੂ ਮਿਲਿਆ ਹੈ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਲਾਸ਼ ਕੋਲ ਸਰਿੰਜ ਵੀ ਦੇਖੀ ਗਈ ਪਰ ਪੁਲਿਸ ਨੇ ਇਸ ਦੀ ਆਧਿਕਾਰਤ ਪੁਸ਼ਟੀ ਨਹੀਂ ਕੀਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਕਈ ਵਾਰੀ ਨਸ਼ਾ ਕਰਦੇ ਦੇਖਿਆ ਗਿਆ ਸੀ। ਹਾਲਾਂਕਿ ਉਸ ਦੀ ਪਛਾਣ ਬਾਰੇ ਕੋਈ ਨਹੀਂ ਜਾਣਦਾ।
---
ਇਲਾਕੇ ’ਚ ਖੁੱਲ੍ਹੇਆਮ ਵਿਕ ਰਿਹੈ ਨਸ਼ਾ : ਕੌਂਸਲਰ
ਇਸ ਘਟਨਾ ਮਗਰੋਂ ਇਲਾਕੇ ਦੇ ਕੌਂਸਲਰ ਗੁਰਦੀਪ ਸਿੰਘ ਘੁੰਮਣ ਨੇ ਪੁਲਿਸ ਪ੍ਰਸ਼ਾਸਨ ’ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਕਬੀਰ ਵਿਹਾਰ ਤੇ ਆਸ-ਪਾਸ ਦੇ ਇਲਾਕਿਆਂ ’ਚ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋ ਸਕਦੀ ਹੈ। ਕੌਂਸਲਰ ਨੇ ਇਹ ਵੀ ਦਾਅਵਾ ਕੀਤਾ ਕਿ ਇਲਾਕੇ ’ਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ, ਜਿਸ ਨਾਲ ਨੌਜਵਾਨ ਤੇਜ਼ੀ ਨਾਲ ਇਸ ਦੀ ਲਪੇਟ ’ਚ ਆ ਰਹੇ ਹਨ।
---
ਪਛਾਣ ਲਈ ਇਕੱਠੀ ਕੀਤੀ ਜਾ ਰਹੀ ਹੈ ਜਾਣਕਾਰੀ : ਏਐੱਸਆਈ
ਥਾਣਾ ਬਸਤੀ ਬਾਵਾ ਖੇਲ ਦੇ ਜਾਂਚ ਅਧਿਕਾਰੀ ਏਐੱਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਮਗਰੋਂ ਟੀਮ ਤੁਰੰਤ ਮੌਕੇ ’ਤੇ ਪੁੱਜੀ ਸੀ। ਮੁੱਢਲੇ ਤੌਰ 'ਤੇ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਨੌਜਵਾਨ ਦੀ ਪਛਾਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਆਸਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲੀ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
---
ਜ਼ਿਲ੍ਹੇ ’ਚ ਹੋਈਆਂ ਮੌਤਾਂ ’ਚ ਨਸ਼ਿਆਂ ਦਾ ਸ਼ੱਕ
-ਖਾਂਬੜਾ ਪਿੰਡ ’ਚ ਇਕ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋਈ ਸੀ, ਜਿਸ ’ਚ ਨਸ਼ੇ ਤੇ ਹੱਤਿਆ ਦੋਵਾਂ ਤਹਿਤ 'ਤੇ ਜਾਂਚ ਚੱਲ ਰਹੀ ਹੈ।
-ਮਹਿਤਪੁਰ ਖੇਤਰ ਦੇ ਊਦੋਵਾਲ ਪਿੰਡ ’ਚ ਇਕ ਕਬੱਡੀ ਖਿਡਾਰੀ ਦੀ ਮੌਤ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਦੀ ਵੀ ਨਸ਼ੇ ਨਾਲ ਮੌਤ ਦੀ ਗੱਲ ਸਾਹਮਣੇ ਆਈ ਸੀ।
-ਉਦੋਵਾਲ ਪਿੰਡ ’ਚ ਹੀ ਕੁਝ ਹੀ ਦਿਨਾਂ ਦੇ ਵਕਫ਼ੇ ’ਚ ਦੂਜੀ ਮੌਤ ਸਾਹਮਣੇ ਆਈ ਸੀ, ਜਿਸ ਵਿਚ ਨਸ਼ੇ ਦੀ ਓਵਰਡੋਜ਼ ਦੀ ਖ਼ਦਸ਼ਾ ਸੀ।
-ਤਲਵੰਡੀ ਮੱਦੋ ਪਿੰਡ ’ਚ ਵੀ ਇਕ ਨੌਜਵਾਨ ਦੀ ਮੌਤ ਹੋਈ ਸੀ, ਜਿਸ ਮਗਰੋਂ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
-ਨਸ਼ੇ ਕਾਰਨ ਮੌਤਾਂ ਦੀ ਅਸਲ ਗਿਣਤੀ ਸਾਹਮਣੇ ਆ ਰਹੇ ਅੰਕੜਿਆਂ ਤੋਂ ਕਾਫੀ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਕਈ ਮਾਮਲਿਆਂ ’ਚ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ ਜਾਂ ਪਰਿਵਾਰ ਸਮਾਜਿਕ ਕਾਰਨਾਂ ਕਰਕੇ ਮਾਮਲੇ ਨੂੰ ਅੱਗੇ ਨਹੀਂ ਵਧਾਉਂਦੇ। ਇਹੀ ਕਾਰਨ ਹੈ ਕਿ ਕਈ ਮੌਤਾਂ ਆਧਿਕਾਰਤ ਰਿਕਾਰਡ ’ਚ ਦਰਜ ਨਹੀਂ ਹੁੰਦੀਆਂ।