ਨਸ਼ਾ ਤਸਕਰੀ ਦੀ ਚੇਨ ਤੋੜੀ, ਗੈਂਗਸਟਰਾਂ ’ਤੇ ਕੱਸਿਆ ਸ਼ਿਕੰਜਾ, ਲੋਕਾਂ ਦਾ ਪੁਲਿਸ ‘ਤੇ ਭਰੋਸਾ ਵਧਾਉਣਾ ਪਹਿਲ - ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ

--ਧਨਪ੍ਰੀਤ ਕੌਰ ਨੇ ਕਿਹਾ, ਇਕ ਸਾਲ ’ਚ 99 ਫੀਸਦੀ ਮਾਮਲੇ ਸੁਲਝਾਏ
--ਪੁਲਿਸ ਨੇ ਬੀਟ ਸਿਸਟਮ ਮਜ਼ਬੂਤ ਕੀਤਾ, ਨਿਗਰਾਨੀ ਹੋਈ ਬਿਹਤਰ
--ਕਈ ਗੰਭੀਰ ਮਾਮਲੇ ਸੁਲਝਾਏ, ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਕ ਸਾਲ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ, ਗੈਂਗਸਟਰਾਂ ਤੇ ਗੈਰਕਾਨੂੰਨੀ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ 1,441 ਮਾਮਲੇ ਦਰਜ ਕਰਕੇ 1,894 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਕਰੀਬ 48 ਕਿਲੋ ਹੈਰੋਇਨ ਸਮੇਤ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲਿਸ ਨੇ ਬੀਟ ਸਿਸਟਮ ਨੂੰ ਮਜ਼ਬੂਤ ਕੀਤਾ ਜਿਸ ਨਾਲ ਹਰ ਇਲਾਕੇ ’ਚ ਨਿਗਰਾਨੀ ਬਿਹਤਰ ਹੋਈ ਤੇ ਅਪਰਾਧ ’ਤੇ ਕਾਬੂ ਪਾਉਣ ’ਚ ਮਦਦ ਮਿਲੀ। ਜਾਗਰਣ ਦੇ ਸੰਵਾਦਦਾਤਾ ਸੁਕਰਾਂਤ ਨਾਲ ਖਾਸ ਗੱਲਬਾਤ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਦਰਜ ਹੋਏ ਲਗਭਗ 99 ਫੀਸਦੀ ਮਾਮਲੇ ਪੁਲਿਸ ਵੱਲੋਂ ਸੁਲਝਾਏ ਗਏ। ਉਨ੍ਹਾਂ ਕਿਹਾ ਕਿ ਭਰੋਸੇ ਵਾਲੀ ਪੁਲਿਸਿੰਗ ਨੂੰ ਤਰਜੀਹ ਦਿੰਦਿਆਂ ਪੁਲਿਸ ਤੇ ਲੋਕਾਂ ਵਿਚਕਾਰ ਵਿਸ਼ਵਾਸ ਬਣਾਉਣ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦਿੱਤੀ।
--------------------------
ਸਵਾਲ : ਇਕ ਸਾਲ ਦੇ ਕਾਰਜਕਾਲ ’ਚ ਤੁਹਾਡੀ ਸਭ ਤੋਂ ਵੱਡੀ ਉਪਲਬਧੀ ਕੀ ਹੈ?
ਮੇਰੇ ਲਈ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਲੋਕਾਂ ’ਚ ਪੁਲਿਸ ਪ੍ਰਤੀ ਭਰੋਸਾ ਮਜ਼ਬੂਤ ਹੋਇਆ ਹੈ। ਅਸੀਂ ਭਰੋਸੇ ਵਾਲੀ ਪੁਲਿਸਿੰਗ ’ਤੇ ਕੰਮ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਹਰ ਪੀੜਤ ਨੂੰ ਇਨਸਾਫ਼ ਮਿਲੇ। ਸਾਡੇ ਕਾਰਜਕਾਲ ’ਚ ਦਰਜ ਹੋਏ ਲਗਭਗ 99 ਫੀਸਦੀ ਮਾਮਲੇ ਪੁਲਿਸ ਨੇ ਸੁਲਝਾਏ ਹਨ। ਇਸ ਨਾਲ ਲੋਕਾਂ ’ਚ ਇਹ ਭਰੋਸਾ ਬਣਿਆ ਕਿ ਪੁਲਿਸ ਉਨ੍ਹਾਂ ਦੇ ਨਾਲ ਖੜੀ ਹੈ।
ਸਵਾਲ : ਸ਼ਹਿਰ ’ਚ ਅਪਰਾਧ ਨਿਯੰਤਰਣ ਲਈ ਪੁਲਿਸ ਨੇ ਕੀ ਵੱਡੇ ਕਦਮ ਚੁੱਕੇ ਤੇ ਕੀ ਨਤੀਜੇ ਸਾਹਮਣੇ ਆਏ?
ਅਸੀਂ ਬੀਟ ਵਾਈਜ਼ ਪੁਲਿਸਿੰਗ ਨੂੰ ਮਜ਼ਬੂਤ ਕੀਤਾ ਅਤੇ ਪੁਲਿਸ ਅਧਿਕਾਰੀਆਂ ਦੀ ਮੈਦਾਨ ’ਚ ਸਰਗਰਮੀ ਵਧਾਈ। ਨਿਯਮਿਤ ਨਾਕਾਬੰਦੀ, ਵਿਸ਼ੇਸ਼ ਮੁਹਿੰਮਾਂ ਤੇ ਤਕਨੀਕੀ ਨਿਗਰਾਨੀ ਰਾਹੀਂ ਅਪਰਾਧ ’ਤੇ ਕਾਬੂ ਪਾਇਆ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਗੰਭੀਰ ਮਾਮਲੇ ਜਲਦੀ ਸੁਲਝੇ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸਵਾਲ : ਜਲੰਧਰ ’ਚ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨਾਲ ਨਜਿੱਠਣ ਲਈ ਤੁਹਾਡੀ ਰਣਨੀਤੀ ਕੀ ਰਹੀ?
ਨਸ਼ੇ ਦੇ ਖ਼ਿਲਾਫ਼ ਅਸੀਂ ‘ਯੁੱਧ ਨਸ਼ੇ ਦੇ ਵਿਰੁੱਧ’ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕੀਤੀ। ਇਕ ਸਾਲ ’ਚ ਪੁਲਿਸ ਨੇ ਕਰੀਬ 47.963 ਕਿਲੋ ਹੈਰੋਇਨ, 12.764 ਕਿਲੋ ਅਫੀਮ, 163.695 ਕਿਲੋ ਪੋਸਤ, 20.961 ਕਿਲੋ ਚਰਸ, 38.105 ਕਿਲੋ ਗਾਂਜਾ ਤੇ 4,20,860 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ।
ਸਵਾਲ : ਸ਼ਹਿਰ ’ਚ ਫਾਇਰਿੰਗ ਤੇ ਗੈਂਗਵਾਰ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ’ਚ ਚਿੰਤਾ ਰਹਿੰਦੀ ਹੈ। ਇਨ੍ਹਾਂ ਨੂੰ ਰੋਕਣ ਲਈ ਪੁਲਿਸ ਕੀ ਕਰ ਰਹੀ ਹੈ?
ਗੈਂਗਸਟਰਾਂ ਦੀਆਂ ਗਤੀਵਿਧੀਆਂ ’ਤੇ ਕਾਬੂ ਪਾਉਣ ਲਈ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਆਰਮਜ਼ ਐਕਟ ਤਹਿਤ ਇਕ ਸਾਲ ’ਚ 22 ਮਾਮਲੇ ਦਰਜ ਕਰਕੇ 41 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਵਾਲ : ਟ੍ਰੈਫਿਕ ਪ੍ਰਬੰਧ ਨੂੰ ਸੁਧਾਰਣ ਲਈ ਪੁਲਿਸ ਦੀ ਕੀ ਯੋਜਨਾ ਹੈ?
ਟ੍ਰੈਫਿਕ ਪ੍ਰਬੰਧ ਨੂੰ ਸੁਧਾਰਣ ਲਈ ਪੁਲਿਸ ਨੇ ਕਈ ਕਦਮ ਚੁੱਕੇ ਹਨ। ਸੰਵੇਦਨਸ਼ੀਲ ਚੌਰਾਹਿਆਂ ’ਤੇ ਪੁਲਿਸ ਦੀ ਤੈਨਾਤੀ ਵਧਾਈ ਗਈ ਹੈ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕੁਝ ਸਖ਼ਤੀ ਵੀ ਕੀਤੀ ਜਾ ਰਹੀ ਹੈ, ਜਿਸ ਦਾ ਅਸਰ ਵੀ ਨਜ਼ਰ ਆ ਰਿਹਾ ਹੈ।
ਸਵਾਲ : ਸਾਈਬਰ ਕਰਾਈਮ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਲੋਕਾਂ ਨੂੰ ਇਸ ਤੋਂ ਬਚਾਉਣ ਲਈ ਪੁਲਿਸ ਕੀ ਕਰ ਰਹੀ ਹੈ?
ਸਾਈਬਰ ਕਰਾਈਮ ਨਾਲ ਨਜਿੱਠਣ ਲਈ ਪੁਲਿਸ ਤਕਨੀਕੀ ਤੌਰ ’ਤੇ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਕੇ ਸਾਈਬਰ ਮੁਲਜ਼ਮਾਂ ਤੱਕ ਪਹੁੰਚਣ ਲਈ ਵਿਸ਼ੇਸ਼ ਟੀਮ ਕੰਮ ਕਰ ਰਹੀ ਹੈ।
ਸਵਾਲ : ਮਹਿਲਾਵਾਂ ਦੀ ਸੁਰੱਖਿਆ ਲਈ ਕੀ ਨਵੀਆਂ ਪਹਿਲਾਂ ਕੀਤੀਆਂ ਗਈਆਂ ਹਨ?
ਪੁਲਿਸ ਨੇ ਮਹਿਲਾ ਹੈਲਪਲਾਈਨ ਤੇ ਖਾਸ ਪੈਟਰੋਲਿੰਗ ਨੂੰ ਮਜ਼ਬੂਤ ਕੀਤਾ ਹੈ। ਸਕੂਲਾਂ ਤੇ ਕਾਲਜਾਂ ’ਚ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਗਏ ਹਨ।
ਸਵਾਲ : ਪੁਲਿਸ ਤੇ ਜਨਤਾ ਵਿਚਕਾਰ ਵਧੀਆ ਤਾਲਮੇਲ ਬਣਾਉਣ ਲਈ ਤੁਹਾਡੀ ਕੀ ਪਹਿਲ ਰਹੀ?
ਅਸੀਂ ਬੀਟ ਪੱਧਰ ’ਤੇ ਪੁਲਿਸ ਤੇ ਜਨਤਾ ਵਿਚਕਾਰ ਸੰਵਾਦ ਵਧਾਉਣ ਦੀ ਪਹਿਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਨਿਯਮਿਤ ਤੌਰ ’ਤੇ ਲੋਕਾਂ ਨਾਲ ਮਿਲਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਣ।
ਸਵਾਲ : ਸ਼ਹਿਰ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਤੁਹਾਡੀਆਂ ਅਗਲੇ ਸਮੇਂ ਦੀਆਂ ਪਹਿਲ ਕੀ ਹਨ?
ਆਉਣ ਵਾਲੇ ਸਮੇਂ ’ਚ ਸਾਡੀ ਪ੍ਰਾਥਮਿਕਤਾ ਨਸ਼ੇ ਤੇ ਸੰਗਠਿਤ ਅਪਰਾਧ ’ਤੇ ਹੋਰ ਸਖ਼ਤੀ ਕਰਨਾ ਹੋਵੇਗੀ। ਇਸ ਦੇ ਨਾਲ ਟ੍ਰੈਫਿਕ ਪ੍ਰਬੰਧ ਸੁਧਾਰਨਾ, ਸਾਈਬਰ ਕਰਾਈਮ ਨਾਲ ਨਜਿੱਠਣਾ ਤੇ ਕਮਿਊਨਿਟੀ ਪੁਲਿਸਿੰਗ ਨੂੰ ਮਜ਼ਬੂਤ ਕਰਨਾ ਸਾਡੀ ਯੋਜਨਾ ਦਾ ਹਿੱਸਾ ਰਹੇਗਾ।