ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਢਾਹੀ
ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਕੀਤਾ ਢਾਹ ਢੇਰੀ
Publish Date: Tue, 07 Apr 2026 06:50 PM (IST)
Updated Date: Tue, 07 Apr 2026 06:53 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਬਸਤੀ ਸ਼ੇਖ ’ਚ ਇਕ ਨਸ਼ਾ ਤਸਕਰੀ ਕਰਨ ਵਾਲੇ ਦੀ ਨਾਜਾਇਜ਼ ਉਸਾਰੀ ਵਿਰੁੱਧ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਨਗਰ ਨਿਗਮ ਦਾ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਲਈ ਸਹਿਯੋਗ ਕੀਤਾ। ਜਾਣਕਾਰੀ ਅਨੁਸਾਰ ਇਹ ਕਾਰਵਾਈ ਖਾਸ ਤੌਰ 'ਤੇ ਦੀਪਕ ਉਰਫ਼ ਸ਼ੁੱਭਮ ਵਜੋਂ ਪਛਾਣੇ ਗਏ ਵਿਅਕਤੀ ਦੇ ਘਰ 'ਤੇ ਕੀਤੀ ਗਈ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨਗਰ ਨਿਗਮ ਦੀ ਟੀਮ ਨੇ ਦੀਪਕ ਦੇ ਘਰ ਨੂੰ ਕਈ ਨੋਟਿਸ ਜਾਰੀ ਕੀਤੇ ਸਨ, ਹਾਲਾਂਕਿ ਇਨ੍ਹਾਂ ’ਚੋਂ ਕਿਸੇ ਵੀ ਨੋਟਿਸ ਦਾ ਕੋਈ ਜਵਾਬ ਨਹੀਂ ਮਿਲਿਆ। ਨਤੀਜੇ ਵਜੋਂ ਨਗਰ ਨਿਗਮ ਦੀ ਟੀਮ ਤਸਕਰੀ ਕਰਨ ਵਾਲੇ ਦੀ ਜਾਇਦਾਦ ਵਿਰੁੱਧ ਕਾਰਵਾਈ ਕਰਨ ਲਈ ਪੁੱਜੀ। ਕਾਰਵਾਈ ਤੋਂ ਪਹਿਲਾਂ ਟੀਮ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਮੁਲਾਜ਼ਮਾਂ ਵਜੋਂ ਸਹਾਇਤਾ ਦੀ ਮੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਕੀਤੀ ਜਾਵੇ। ਇਸ ਤੋਂ ਬਾਅਦ ਇਕ ਪੁਲਿਸ ਟੀਮ ਮੌਕੇ 'ਤੇ ਪੁੱਜੀ, ਜਿਸ ਨਾਲ ਨਗਰ ਨਿਗਮ ਦੀ ਟੀਮ ਤਸਕਰੀ ਕਰਨ ਵਾਲੇ ਦੇ ਘਰ ਵਿਰੁੱਧ ਕਾਰਵਾਈ ਨੂੰ ਸ਼ਾਂਤੀਪੂਰਨ ਤੇ ਸੁਚੱਜੇ ਢੰਗ ਨਾਲ ਕਰਨ ਦੇ ਯੋਗ ਹੋ ਗਈ।
ਏਡੀਸੀਪੀ-2 ਰਾਕੇਸ਼ ਯਾਦਵ ਨੇ ਦੱਸਿਆ ਕਿ ਏਸੀਪੀ ਆਦਿਤਿਆ ਭਾਟੀਆ ਹੋਰ ਟੀਮ ਅਧਿਕਾਰੀਆਂ ਨਾਲ ਕਾਰਵਾਈ ਦੌਰਾਨ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਦੀਪਕ ਵਿਰੁੱਧ ਪੰਜ ਮਾਮਲੇ ਦਰਜ ਹਨ, ਜਿਨ੍ਹਾਂ ’ਚ ਐੱਨਡੀਪੀਐੱਸ ਐਕਟ ਤਹਿਤ ਦੋਸ਼ ਸ਼ਾਮਲ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਦੀਪਕ ਵਿਰੁੱਧ ਪਹਿਲਾ ਮਾਮਲਾ 2017 ’ਚ ਦਰਜ ਕੀਤਾ ਗਿਆ ਸੀ, ਜਦਕਿ ਸਭ ਤੋਂ ਤਾਜ਼ਾ ਮਾਮਲਾ 2025 ’ਚ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ਦੇ ਘਰ 'ਤੇ ਕਈ ਛਾਪੇ ਮਾਰੇ ਹਨ ਪਰ ਉਹ ਕਿਸੇ ਵੀ ਮੌਕੇ 'ਤੇ ਘਰ ਨਹੀਂ ਮਿਲਿਆ। ਏਡੀਸੀਪੀ ਯਾਦਵ ਨੇ ਪੁਸ਼ਟੀ ਕੀਤੀ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਬੇਰੋਕ ਜਾਰੀ ਰਹਿਣਗੀਆਂ। ਏਟੀਪੀ ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਇਮਾਰਤ ਮਨਜ਼ੂਰੀ ਨਾਲ ਨਹੀਂ ਬਣੀ ਸੀ ਇਸ ਸਬੰਧੀ ਕਈ ਨੋਟਿਸ ਜਾਰੀ ਕੀਤੇ ਗਏ ਸਨ। ਪਰਿਵਾਰ ਦਾ ਕੋਈ ਮੈਂਬਰ ਸੁਣਵਾਈ ਲਈ ਦਫ਼ਤਰ ’ਚ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਇਕ ਅੰਤਿਮ ਨੋਟਿਸ ਜਾਰੀ ਕੀਤਾ ਗਿਆ, ਜਿਸ ਨੂੰ ਲਾਗੂ ਕਰਨ ਦੀ ਕਾਰਵਾਈ ਕੀਤੀ ਗਈ। ਏਟੀਪੀ ਨੇ ਕਿਹਾ ਕਿ ਵਿਭਾਗ ਕੋਲ ਉਨ੍ਹਾਂ ਨੂੰ ਜਾਰੀ ਕੀਤੇ ਗਏ ਸਾਰੇ ਨੋਟਿਸਾਂ ਦੀਆਂ ਕਾਪੀਆਂ ਹਨ। ਅੰਤਿਮ ਨੋਟਿਸ ਬਾਅਦ ਨਾਜਾਇਜ਼ ਉਸਾਰੀ ਵਾਲੀ ਇਮਾਰਤ ਢਾਹ ਦਿੱਤੀ ਗਈ ਹੈ।