ਦਿਲਕੁਸ਼ਾ ਮਾਰਕੀਟ ’ਚ ਦਵਾਈ ਵਪਾਰੀ ’ਤੇ ਹਮਲਾ
ਦਿਲਕੁਸ਼ਾ ਮਾਰਕੀਟ ’ਚ ਦਵਾਈ ਵਪਾਰੀ 'ਤੇ ਤਲਵਾਰ ਨਾਲ ਹਮਲਾ
Publish Date: Tue, 14 Apr 2026 10:31 PM (IST)
Updated Date: Tue, 14 Apr 2026 10:33 PM (IST)

-ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਭੀੜ-ਭੜੱਕੇ ਵਾਲੇ ਤੇ ਪ੍ਰਮੁੱਖ ਥੋਕ ਦਵਾਈਆਂ ਦੇ ਕੇਂਦਰ ਦਿਲਕੁਸ਼ਾ ਮਾਰਕੀਟ ’ਚ ਸੋਮਵਾਰ ਦੇਰ ਸ਼ਾਮ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਅਣਪਛਾਤੇ ਹਮਲਾਵਰ ਨੇ ਖੁੱਲ੍ਹੇਆਮ ਇਕ ਦਵਾਈ ਵਪਾਰੀ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਦਿਲਕੁਸ਼ਾ ਮਾਰਕੀਟ ’ਚ ਸਥਿਤ ਆਹੂਜਾ ਮੈਡੀਕੋਜ਼ ਦੇ ਮਾਲਕ ਸੰਦੀਪ ਆਹੂਜਾ ਤੇ ਸ਼ਾਮ 7:50 ਵਜੇ ਦੇ ਕਰੀਬ ਹਮਲਾ ਕੀਤਾ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਨੀਲੀ ਟੀ-ਸ਼ਰਟ ਪਹਿਨੇ ਇਕ ਨੌਜਵਾਨ ਅਚਾਨਕ ਦੁਕਾਨ ਤੇ ਆਇਆ ਤੇ ਤਲਵਾਰ ਨਾਲ ਵਾਰ ਕੀਤਾ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਿਆ, ਜਦ ਕਿ ਜ਼ਖਮੀ ਸੰਦੀਪ ਆਹੂਜਾ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਉਸ ਦੀ ਮੌਜੂਦਾ ਡਾਕਟਰੀ ਸਥਿਤੀ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਦਵਾਈਆਂ ਦੇ ਥੋਕ ਕੇਂਦਰ ਵਜੋਂ ਮਸ਼ਹੂਰ ਦਿਲਕੁਸ਼ਾ ਮਾਰਕੀਟ ਭੀੜ ਰਹਿੰਦੀ ਹੈ। ਇੰਨੀ ਸੰਘਣੀ ਆਬਾਦੀ ਵਾਲੇ ਖੇਤਰ ’ਚ ਵਾਪਰੀ ਇਸ ਤਰ੍ਹਾਂ ਦੀ ਘਟਨਾ ਨੇ ਸਥਾਨਕ ਸੁਰੱਖਿਆ ਪ੍ਰਬੰਧਾਂ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਘਟਨਾ ਨੇ ਸਥਾਨਕ ਵਪਾਰੀਆਂ ’ਚ ਵੀ ਗੁੱਸਾ ਪੈਦਾ ਕਰ ਦਿੱਤਾ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਆਲੇ ਦੁਆਲੇ ਦੇ ਖੇਤਰ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹਮਲਾਵਰ ਦੀ ਪਛਾਣ ਕਰਨ ਤੇ ਜਲਦੀ ਗ੍ਰਿਫ਼ਤਾਰੀ ਦੀ ਸਹੂਲਤ ਲਈ ਮਾਰਕੀਟ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।