ਬਾਹਰ ਹੋ ਰਹੇ ਸਨ ਡਰੋਨ ਹਮਲੇ, ਉਦਯੋਗਪਤੀ ਕਤਰ ’ਚ ਫਸੇ ਰਹੇ, ਸੁਰੱਖਿਅਤ ਵਾਪਸ ਪਰਤੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਰਮਨੀ ਦੇ ਕੋਲੋਨ ਸ਼ਹਿਰ ’ਚ 3 ਤੋਂ 6 ਮਾਰਚ ਤੱਕ ਲੱਗਣ ਵਾਲੀ ਹੈਂਡ ਟੂਲਜ਼ ਪ੍ਰਦਰਸ਼ਨੀ ’ਚ ਜਲੰਧਰ ਦੀ ਹੈਂਡ ਟੂਲਜ਼ ਇੰਡਸਟਰੀ ਨਾਲ ਜੁੜੇ ਕਾਰੋਬਾਰੀ ਹਿੱਸਾ ਲੈਣ ਲਈ ਜਾਣ ਵਾਲੇ ਸਨ। ਪ੍ਰਦਰਸ਼ਨੀ ਲੱਗਣ ਤੋਂ ਦੋ ਦਿਨ ਪਹਿਲਾਂ ਕਾਰੋਬਾਰੀਆਂ ਨੇ ਕਤਰ ਏਅਰਵੇਜ਼ ਰਾਹੀਂ ਜਰਮਨੀ ਲਈ ਰਵਾਨਾ ਹੋਣਾ ਸੀ ਪਰ ਇਰਾਨ-ਇਜ਼ਰਾਈਲ ਸੰਘਰਸ਼ ਦੌਰਾਨ ਜਲੰਧਰ ਦੇ ਕਈ ਕਾਰੋਬਾਰੀ ਜਰਮਨੀ ਨਹੀਂ ਜਾ ਸਕੇ ਤੇ ਕਤਰ ’ਚ ਹੀ ਫਸ ਗਏ। ਉਹ ਤਿੰਨ ਤੋਂ ਚਾਰ ਦਿਨ ਤੱਕ ਕਤਰ ਦੇ ਹੋਟਲ ਵਿੱਚ ਰਹੇ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਕਾਰਨ ਉਨ੍ਹਾਂ ਨੂੰ ਕਤਰ ਦੇ ਹੋਟਲ ’ਚ ਹੀ ਠਹਿਰਨਾ ਪਿਆ। ਕਤਰ ’ਚ ਫਸੇ ਕਾਰੋਬਾਰੀਆਂ ’ਚ ਵੈਭਵ ਮਲਹੋਤਰਾ, ਰਾਘਵ ਸ਼ੂਰ, ਕੇਸ਼ਵ ਸ਼ੂਰ, ਜਤਿੰਦਰ ਸਿੰਘ ਭਾਟੀਆ, ਇੰਦਰਪਾਲ ਸਿੰਘ ਤੇ ਗੁਰਜੀਤ ਸਿੰਘ ਭਾਟੀਆ ਸ਼ਾਮਲ ਸਨ। ਕਤਰ ’ਚ ਫਸੇ ਕੇਸ਼ਵ ਸ਼ੂਰ ਨੇ ਦੱਸਿਆ ਕਿ ਉੱਥੇ ਡਰੋਨ ਹਮਲਿਆਂ ਦੀਆਂ ਖਬਰਾਂ ਮਿਲ ਰਹੀਆਂ ਸਨ। ਮਨ ’ਚ ਡਰ ਤਾਂ ਸੀ ਪਰ ਕਤਰ ਏਅਰਵੇਜ਼ ਤੇ ਸਰਕਾਰ ਵੱਲੋਂ ਪੂਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ ਤੇ ਹਰ ਸੰਭਵ ਮਦਦ ਦਿੱਤੀ ਗਈ। ਉਹ ਹੋਟਲ ’ਚ ਹੀ ਰਹੇ। ਹੁਣ ਕਤਰ ’ਚ ਫਸੇ ਕਾਰੋਬਾਰੀ ਸੁਰੱਖਿਅਤ ਵਾਪਸ ਘਰ ਆ ਗਏ ਹਨ। ਉੱਥੇ ਹੀ ਕੁਝ ਕਾਰੋਬਾਰੀ ਜਰਮਨੀ ਦੀ ਸਿੱਧੀ ਫਲਾਈਟ ਰਾਹੀਂ ਜਰਮਨੀ ਪੁੱਜ ਗਏ। ਐੱਚਆਰ ਇੰਟਰਨੈਸ਼ਨਲ ਦੇ ਡਾਇਰੈਕਟਰ ਸ਼ਿਵਮ ਸ਼ਰਮਾ ਵੀ ਸਿੱਧੀ ਫਲਾਈਟ ਰਾਹੀਂ ਜਰਮਨੀ ਪੁੱਜ ਕੇ ਪ੍ਰਦਰਸ਼ਨੀ ’ਚ ਸ਼ਾਮਲ ਹੋਏ। ਐੱਮਡੀ ਨਰੇਸ਼ ਸ਼ਰਮਾ ਨੇ ਵੀ ਜਾਣਾ ਸੀ ਪਰ ਜ਼ਰੂਰੀ ਕੰਮ ਕਾਰਨ ਉਹ ਨਹੀਂ ਜਾ ਸਕੇ। ਜਲੰਧਰ ਦੇ ਕਾਰੋਬਾਰੀ ਤੇ ਫੈਡਰੇਸ਼ਨ ਆਫ ਇੰਡੀਆਨ ਐਕਸਪੋਰਟ ਆਰਗੈਨਾਈਜ਼ੇਸ਼ਨ ਦੇ ਸਰਗਰਮ ਮੈਂਬਰ ਅਸ਼ਵਨੀ ਕੁਮਾਰ ਵਿਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਅਰਜੁਨ ਕੁਮਾਰ ਸਮੇਤ ਕਈ ਲੋਕ ਕਤਰ ’ਚ ਫਸ ਗਏ ਸਨ। ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਕਤਰ ’ਚ ਫਸੇ ਉਦਯੋਗਪਤੀਆਂ ਦੇ ਖਾਣ-ਪੀਣ ਤੇ ਰਹਿਣ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਅਸ਼ਵਨੀ ਵਿਕਟਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ’ਚ ਹਿੱਸਾ ਲੈਣ ਨਾਲ ਬਰਾਮਦਕਾਰਾਂ ਨੂੰ ਨਵੇਂ ਗਾਹਕਾਂ ਨਾਲ ਜੁੜਨ ਤੇ ਬਾਜ਼ਾਰ ਦਾ ਵਿਸਥਾਰ ਕਰਨ ’ਚ ਮਦਦ ਮਿਲਦੀ ਹੈ।
----------------------
ਜ਼ਿਆਦਾਤਰ ਬਰਾਮਦਕਾਰ ਨਹੀਂ ਪੁੱਜ ਸਕੇ
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਪੂਰਵ ਡਿਪਟੀ ਡਾਇਰੈਕਟਰ ਓਪਿੰਦਰ ਸਿੰਘ ਨੇ ਕਿਹਾ ਕਿ ਚਾਰ ਦਿਨਾਂ ਦੀ ਇਸ ਪ੍ਰਦਰਸ਼ਨੀ ’ਚ ਇਰਾਨ-ਇਜ਼ਰਾਈਲ ਯੁੱਧ ਕਾਰਨ ਜ਼ਿਆਦਾਤਰ ਬਰਾਮਦਕਾਰ ਨਹੀਂ ਪੁੱਜ ਸਕੇ। ਵਿਜ਼ਟਰਾਂ ਤੇ ਕੰਪਨੀਆਂ ਦੀ ਭੀੜ ਵੀ ਘੱਟ ਰਹੀ। ਕਈ ਕਾਰੋਬਾਰੀਆਂ ਨੇ ਪਹਿਲਾਂ ਹੀ ਟਿਕਟਾਂ ਕਰਵਾ ਲਈਆਂ ਸਨ ਪਰ ਉਨ੍ਹਾਂ ਨੂੰ ਰੱਦ ਕਰਵਾਉਣਾ ਪਿਆ। ਪ੍ਰਦਰਸ਼ਨੀ ’ਚ ਖਰੀਦਦਾਰਾਂ ਤੇ ਕੰਪਨੀਆਂ ਵੱਲੋਂ ਵਧੀਆ ਰਿਸਪਾਂਸ ਨਾ ਮਿਲਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਈ ਲੋਕ ਰਸਤੇ ’ਚ ਹੀ ਫਸ ਗਏ ਸਨ।