ਪਲਾਜ਼ਮਾ–2026 ’ਚ ਚਮਕਾਇਆ ਡਰੋਲੀ ਕਲਾਂ ਕਾਲਜ ਦਾ ਨਾਂ
ਪਲਾਜ਼ਮਾ–2026 ’ਚ ਡਰੋਲੀ ਕਲਾਂ ਕਾਲਜ ਦੀ ਸ਼ਾਨਦਾਰ ਸਫਲਤਾ
Publish Date: Thu, 12 Mar 2026 06:26 PM (IST)
Updated Date: Thu, 12 Mar 2026 06:27 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਲਾਇਲਪੁਰ ਖਾਲਸਾ ਕਾਲਜ ’ਚ ਕਰਵਾਏ ਅੰਤਰ-ਕਾਲਜ ਮੁਕਾਬਲੇ “ਪਲਾਜ਼ਮਾ–2026” ’ਚ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਦੀ ਟੀਮ ਨੇ ਕੰਪਿਊਟਰ ਵਿਭਾਗ ਦੀ ਮੁਖੀ ਸਿਮਰਨਜੋਤ ਕੌਰ ਦੀ ਅਗਵਾਈ ਹੇਠ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਵੱਖ-ਵੱਖ ਈਵੈਂਟਾਂ ’ਚ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੌਰਾਨ ਸਾਹਿਲ ਸਿੰਘ (ਬੀਸੀਏ ਫਾਈਨਲ) ਨੇ ਸ਼ਟਰ ਸਪਾਰਕ ਮੁਕਾਬਲੇ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਦੀਪ ਕੌਰ (ਬੀ.ਕਾਮ ਪਹਿਲਾ ਸਾਲ) ਨੇ ਬ੍ਰੇਨ ਵਾਰਜ਼ (ਗਰੁੱਪ ਚਰਚਾ) ’ਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੋਮੀ (ਬੀਸੀਏ ਫਾਈਨਲ) ਤੇ ਗੁਰਦੀਪ ਕੌਰ ਨੇ ਥਿੰਕਿੰਗ ਇਨ ਸਲਾਈਡਜ਼ (ਪੇਪਰ ਪੇਸ਼ਕਾਰੀ) ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕੰਪਿਊਟਰ ਵਿਭਾਗ ਦੀ ਮੁਖੀ ਸਿਮਰਨਜੋਤ ਕੌਰ ਤੇ ਸਟਾਫ ਮੈਂਬਰਾਂ ਲਖਵਿੰਦਰ ਕੌਰ ਤੇ ਅਮਰਦੀਪ ਕੌਰ ਸਮੇਤ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੀਆਂ ਹਨ ਤੇ ਉਨ੍ਹਾਂ ਨੂੰ ਭਵਿੱਖ ’ਚ ਹੋਰ ਉੱਚੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕਰਦੀਆਂ ਹਨ।