ਪੰਚਾਇਤ ਨੇ ਪਲਾਸਟਿਕ ਡੋਰ ਖ਼ਿਲਾਫ ਕੀਤਾ ਸੁਚੇਤ
ਡਰੌਲੀ ਕਲਾਂ ਦੀ ਪੰਚਾਇਤ ਵੱਲੋਂ ਪਲਾਸਟਿਕ ਡੋਰ ਖ਼ਿਲਾਫ ਲੋਕਾਂ ਨੂੰ ਕੀਤਾ ਸੁਚੇਤ
Publish Date: Tue, 27 Jan 2026 06:15 PM (IST)
Updated Date: Tue, 27 Jan 2026 06:16 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪਲਾਸਟਿਕ ਡੋਰ ਕਾਰਨ ਵਾਪਰ ਰਹੇ ਗੰਭੀਰ ਹਾਦਸਿਆਂ ਨੂੰ ਧਿਆਨ ’ਚ ਰੱਖਦਿਆਂ ਡਰੌਲੀ ਕਲਾਂ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਡੋਰ ਦੇ ਇਸਤੇਮਾਲ ਤੋਂ ਦੂਰ ਰਹਿਣ ਲਈ ਅਨਾਊਂਸਮੈਂਟਾਂ ਰਾਹੀਂ ਸੁਚੇਤ ਕੀਤਾ ਗਿਆ ਹੈ। ਪਿੰਡ ਡਰੌਲੀ ਕਲਾਂ ਦੇ ਮੌਜੂਦਾ ਸਰਪੰਚ ਰਸ਼ਪਾਲ ਸਿੰਘ ਪਾਲਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਦੌਰਾਨ ਪਲਾਸਟਿਕ ਡੋਰ ਦੀ ਲਪੇਟ ’ਚ ਆ ਕੇ ਸੂਬੇ ਭਰ ’ਚ ਕਈ ਕੀਮਤੀ ਜਾਨਾਂ ਗੁਆਈਆਂ ਗਈਆਂ ਹਨ ਤੇ ਕਈ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਆਦਮਪੁਰ ਹਲਕੇ ’ਚ ਵੀ ਬੀਤੇ ਸਾਲਾਂ ਦੌਰਾਨ ਇਸ ਡੋਰ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦਾ ਦੁੱਖ ਅੱਜ ਵੀ ਉਨ੍ਹਾਂ ਦੇ ਪਰਿਵਾਰ ਨਹੀਂ ਭੁੱਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਇਸ ਸਾਲ ਵੀ ਪਲਾਸਟਿਕ ਡੋਰ ਦੀ ਵਿਕਰੀ ਜਾਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਨੂੰ ਦੇਖਦਿਆਂ ਪੰਚਾਇਤ ਨੇ ਆਪਣਾ ਨੈਤਿਕ ਫ਼ਰਜ਼ ਸਮਝਦਿਆਂ ਪਿੰਡ ਅੰਦਰ ਪਲਾਸਟਿਕ ਡੋਰ ਦੇ ਇਸਤੇਮਾਲ ਤੇ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬੱਚਿਆਂ ਨੂੰ ਪਲਾਸਟਿਕ ਡੋਰ ਨਾ ਲੈ ਕੇ ਦਿੱਤੀ ਜਾਵੇ ਤੇ ਨਾ ਹੀ ਕੋਈ ਵਿਅਕਤੀ ਪਿੰਡ ’ਚ ਇਸ ਡੋਰ ਦੀ ਵਿਕਰੀ ਕਰੇ। ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਪੰਚਾਇਤ ਅਜਿਹੇ ਕਿਸੇ ਵੀ ਵਿਅਕਤੀ ਦਾ ਸਹਿਯੋਗ ਨਹੀਂ ਕਰੇਗੀ। ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ ਡਰੌਲੀ ਕਲਾਂ ਨੇ ਵੀ ਪੰਚਾਇਤ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਲਾਸਟਿਕ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਹ ਮਨੁੱਖੀ ਜਾਨਾਂ ਲਈ ਘਾਤਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਅਜਿਹੀ ਡੋਰ ਦਾ ਇਸਤੇਮਾਲ ਨਾ ਕਰਨ।