- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਅਰਮੈਨੀ ਦੀ ਚੋਣ ਮੌਕੇ ਹੋਇਆ ਡਰਾਮਾ, ‘ਆਪ’ ਗੈਰ-ਹਾਜ਼ਰ ਤੇ ਕਾਂਗਰਸ ਦਾ ਹੰਗਾਮਾ

-‘ਆਪ’ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਵਿੱਢਿਆ ਜਾਵੇਗਾ ਸੰਘਰਸ਼ : ਸ਼ੇਰੋਵਾਲੀਆ
ਪ੍ਰਿਤਪਾਲ ਸਿੰਘ/ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ ਰੱਖੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਮੁਲਤਵੀ ਕਰ ਦਿੱਤੀ ਗਈ। ਬਲਾਕ ਸੰਮਤੀ ਦੇ ਕੁੱਲ 15 ਜ਼ੋਨਾਂ ‘ਚੋਂ ਆਮ ਆਦਮੀ ਪਾਰਟੀ ਨਾਲ ਸਬੰਧਤ 7 ਜੇਤੂ ਸੰਮਤੀ ਮੈਂਬਰ ਗੈਰ ਹਾਜ਼ਰ ਰਹੇ, ਜਿਸ ਕਾਰਨ ਕੋਰਮ ਪੂਰਾ ਨਹੀਂ ਹੋਇਆ ਤੇ ਚੋਣ ਪ੍ਰਕਿਰਿਆ ਨੇਪਰੇ ਨਹੀਂ ਚੜ੍ਹ ਸਕੀ। ਐੱਸਡੀਐੱਮ ਸ਼ਾਹਕੋਟ ਅਤੇ ਬੀਡੀਪੀਓ ਸ਼ਾਹਕੋਟ ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਪਹਿਲੀ ਮੀਟਿੰਗ ਵਿਚ ਚੋਣ ਲਈ ਦੋ-ਤਿਹਾਈ ਕੋਰਮ ਦਾ ਪੂਰਾ ਹੋਣਾ ਲਾਜ਼ਮੀ ਹੁੰਦਾ ਹੈ। ਬਲਾਕ ਸੰਮਤੀ ਦੇ ਕੁੱਲ 15 ਮੈਂਬਰ ਹਨ ਅਤੇ 1 ਵੋਟ ਹਲਕਾ ਵਿਧਾਇਕ ਦੀ ਹੈ। ਇਸ ਤਰ੍ਹਾਂ ਕੁੱਲ 16 ਵੋਟਾਂ ਵਿੱਚੋਂ ਕੋਰਮ ਪੂਰਾ ਕਰਨ ਲਈ 11 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਸੀ।
ਅੱਜ ਮੀਟਿੰਗ ਵਿੱਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਕੁੱਲ 9 ਮੈਂਬਰ ਜਿਨ੍ਹਾਂ ’ਚ ਕੁਲਵੰਤ ਸਿੰਘ ਕੁਲਾਰ ਜ਼ੋਨ, ਹਰਦੀਪ ਕੌਰ ਮੱਲੀਵਾਲ ਜ਼ੋਨ, ਰੀਤਾ ਸਾਹਲਾ ਨਗਰ ਜ਼ੋਨ, ਜਗਦੀਪ ਕੌਰ ਢੰਡੋਵਾਲ ਜ਼ੋਨ, ਸੁਖਦੇਵ ਸਿੰਘ ਸੁੱਖਾ ਨੰਗਲ ਅੰਬੀਆਂ ਜ਼ੋਨ, ਬਲਕਾਰ ਸਿੰਘ ਬਾਜਵਾ ਕਲਾਂ ਜ਼ੋਨ, ਸੁਰਿੰਦਰ ਪਾਲ ਮਾਣਕਪੁਰ ਜ਼ੋਨ, ਪਰਮਨਜੀਤ ਕੌਰ ਤਲਵੰਡੀ ਬੂਟਿਆਂ ਜ਼ੋਨ ਹੀ ਹਾਜ਼ਰ ਹੋਏ। ਇਸ ਲਈ ਕੋਰਮ ਅਧੂਰਾ ਰਹਿਣ ਕਾਰਨ ਮੀਟਿੰਗ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਅਗਲੀ ਮੀਟਿੰਗ ਲਈ ਮੈਂਬਰਾਂ ਨੂੰ 24 ਘੰਟੇ ਪਹਿਲਾਂ ਅਗਾਊਂ ਸੂਚਨਾ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੂਬੇ ਦੀ 'ਆਪ' ਸਰਕਾਰ ਅਤੇ ਪ੍ਰਸ਼ਾਸਨ 'ਤੇ ਤਿੱਖੇ ਹਮਲੇ ਕੀਤੇ। ਆਪਣੇ ਹਾਜ਼ਰ 8 ਮੈਂਬਰਾਂ ਨੂੰ ਨਾਲ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਜਦੋਂ ਚੋਣ ਦੀ ਤਰੀਕ ਮਿੱਥੀ ਗਈ ਸੀ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮੈਦਾਨ ਵਿੱਚੋਂ ਭੱਜਣਾ ਨਹੀਂ ਚਾਹੀਦਾ ਸੀ।
ਸ਼ੇਰੋਵਾਲੀਆ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਮੈਂਬਰਾਂ ‘ਤੇ ਸਰਕਾਰ ਵੱਲੋਂ ਭਾਰੀ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਬੀਡੀਪੀਓ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਜੇਕਰ ਉਨ੍ਹਾਂ ਦੇ ਮੈਂਬਰਾਂ ਨਾਲ ਕੋਈ ਧੱਕੇਸ਼ਾਹੀ ਜਾਂ ਨਾਜਾਇਜ਼ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਵਿਧਾਇਕ ਸ਼ੇਰੋਵਾਲੀਆ ਨੇ ਇਹ ਵੀ ਦੱਸਿਆ ਕਿ ਅਗਲੀ ਮੀਟਿੰਗ ਵਿਚ ਕੋਰਮ ਦੀ ਕੋਈ ਸ਼ਰਤ ਨਹੀਂ ਹੋਵੇਗੀ ਅਤੇ ਜਿੰਨੇ ਵੀ ਮੈਂਬਰ ਹਾਜ਼ਰ ਹੋਣਗੇ, ਉਨ੍ਹਾਂ ਵਿੱਚੋਂ ਹੀ ਚੋਣ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੈਂਬਰ ਪੂਰੀ ਤਰ੍ਹਾਂ ਇੱਕਜੁੱਟ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਬਲਾਕ ਸੰਮਤੀ ਸ਼ਾਹਕੋਟ ਦਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਉਨ੍ਹਾਂ (ਕਾਂਗਰਸ) ਦੇ ਧੜੇ ਦਾ ਹੀ ਬਣੇਗਾ।
ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਸੁਖਦੀਪ ਸਿੰਘ ਕੰਗ ਪੀਏ, ਸੀਨੀਅਰ ਕਾਂਗਰਸੀ ਟਿੰਪੀ ਕੁਮਰਾ, ਗੁਰਿੰਦਰ ਸਿੰਘ ਬਹੁਗੁਣ, ਬਲਵਿੰਦਰ ਸਿੰਘ ਬਿੰਦੂ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ, ਬੰਟੀ ਬੱਠਲਾ, ਹਰਭਜਨ ਸਿੰਘ ਖਾਲਸਾ ਸਾਬਕਾ ਸਰਪੰਚ, ਜਗਤਾਰ ਸਿੰਘ ਖਾਲਸਾ, ਮੇਜਰ ਸਿੰਘ ਤਲਵੰਡੀ ਬੂਟਿਆਂ, ਮੇਜਰ ਸਿੰਘ ਮੰਡ, ਨਿਰਮਲ ਸਿੰਘ ਟੁਰਨਾ ਸਲੈਚਾਂ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਪਵਨ ਜੁਨੇਜਾ, ਗਗਨ ਜਿੰਦਲ, ਆਦਿ ਵੀ ਹਾਜ਼ਰ ਸਨ।