- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਪਤੀ ਡਾ. ਪੀਯੂਸ਼ ਹਾਲੇ

-ਪਤੀ ਡਾ. ਪੀਯੂਸ਼ ਹਾਲੇ ਵੀ ਫ਼ਰਾਰ, ਪੁਲਿਸ ਨੇ ਹਸਪਤਾਲ ਤੇ ਘਰ 'ਤੇ ਛਾਪੇਮਾਰੀ
- ਵਾਰਸਾਂ ਦੇ ਬਿਆਨਾਂ 'ਤੇ ਮਾਮਲਾ ਦਰਜ, ਪੋਸਟਮਾਰਟਮ ’ਚ ਹੱਥਾਂ ਦੀਆਂ ਉਂਗਲੀਆਂ ਨੀਲੀਆਂ ਪਾਈਆਂ ਗਈਆਂ
ਜਾਸ, ਜਲੰਧਰ : ਕਪੂਰਥਲਾ ਦੇ ਸਿਵਲ ਹਸਪਤਾਲ ’ਚ ਜ਼ਿਲ੍ਹਾ ਟੀਬੀ ਅਧਿਕਾਰੀ ਡਾ. ਮੀਨਾਕਸ਼ੀ ਦੀ ਮੌਤ ਦੇ ਮਾਮਲੇ ’ਚ ਵੀਰਵਾਰ ਨੂੰ ਪੋਸਟਮਾਰਟਮ 5 ਡਾਕਟਰਾਂ ਦੇ ਖਾਸ ਬੋਰਡ ਨੇ ਕੀਤਾ। ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਵਿਸਰਾ ਜਾਂਚ ਲਈ ਲੈਬ ਭੇਜ ਦਿੱਤੀ ਗਈ ਹੈ। ਪੋਸਟਮਾਰਟਮ ਦੀ ਪੂਰੀ ਵੀਡੀਓਗ੍ਰਾਫੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਪੋਸਟਮਾਰਟਮ ਦੌਰਾਨ ਡਾ. ਮੀਨਾਕਸ਼ੀ ਦੇ ਹੱਥਾਂ ਤੇ ਪੈਰਾਂ ਦੇ ਨੂੰਹ ਨੀਲੇ ਪਾਏ ਗਏ, ਜਿਸ ਨਾਲ ਜ਼ਹਿਰ ਖਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ, ਮੌਤ ਦਾ ਅਸਲੀ ਕਾਰਨ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਦੂਜੇ ਪਾਸੇ, ਮਾਮਲੇ ’ਚ ਨਾਮਜ਼ਦ ਪਤੀ ਡਾ. ਪੀਯੂਸ਼ ਸੂਦ ਘਟਨਾ ਤੋਂ ਬਾਅਦ ਤੋਂ ਫ਼ਰਾਰ ਹੈ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਹਸਪਤਾਲ, ਘਰ ਸਮੇਤ ਕਈ ਸੰਭਾਵੀਂ ਥਾਵਾਂ 'ਤੇ ਛਾਪੇ ਮਾਰੇ ਪਰ ਉਹ ਕਿਤੇ ਨਹੀਂ ਮਿਲਿਆ। ਉਸ ਦਾ ਮੋਬਾਈਲ ਫੋਨ ਵੀ ਲਗਾਤਾਰ ਬੰਦ ਆ ਰਿਹਾ ਹੈ। ਥਾਣਾ ਡਵੀਜ਼ਨ 6 ਦੀ ਇੰਚਾਰਜ ਰਜਵੰਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਤੇ ਛੇਤੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਡਾ. ਮੀਨਾਕਸ਼ੀ ਤੇ ਉਸ ਦੇ ਪਤੀ ਵਿਚਾਲੇ ਕਾਫੀ ਸਮੇਂ ਤੋਂ ਵਿਆਹ ਸਬੰਧੀ ਵਿਵਾਦ ਚੱਲ ਰਿਹਾ ਸੀ। ਵਾਰਸਾਂ ਨੇ ਵੀ ਆਪਣੇ ਬਿਆਨਾਂ ’ਚ ਦੋਵਾਂ ਵਿਚਾਲੇ ਤਣਾਅ ਦੀ ਗੱਲ ਕੀਤੀ ਹੈ। ਜਾਣਕਾਰੀ ਅਨੁਸਾਰ ਹਾਲ ਹੀ ’ਚ ਡਾ. ਮੀਨਾਕਸ਼ੀ ਨੂੰ ਆਪਣੇ ਪਤੀ ਨਾਲ ਜੁੜੀਆਂ ਕੁਝ ਇਤਰਾਜ਼ਯੋਗ ਵੀਡੀਓ ਮਿਲੀਆਂ ਸਨ, ਜਿਸ ਤੋਂ ਬਾਅਦ ਵਿਵਾਦ ਵਧ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਪਾਲ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜਾਣਕਾਰੀ ਮਿਲਣ 'ਤੇ ਪੁਲਿਸ ਕੇਵਲ ਵਿਹਾਰ ਸਥਿਤ ਘਰ ਪੁੱਜੀ ਸੀ। ਘਰ ਦੇ ਸਾਰੇ ਦਰਵਾਜ਼ੇ ਅੰਦਰੋਂ ਬੰਦ ਸਨ। ਲੋਕਾਂ ਦੀ ਮੌਜੂਦਗੀ ’ਚ ਪੁਲਿਸ ਘਰ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਈ, ਜਿੱਥੇ ਡਾ. ਮੀਨਾਕਸ਼ੀ ਦੀ ਲਾਸ਼ ਜ਼ਮੀਨ ’ਤੇ ਪਈ ਮਿਲੀ। ਜਾਂਚ ’ਚ ਪਤਾ ਲੱਗਾ ਕਿ ਘਰ ’ਚ ਕੰਮ ਕਰਨ ਵਾਲੀ ਨੌਕਰਾਣੀ ਨੇ ਸਭ ਤੋਂ ਪਹਿਲਾਂ ਘਟਨਾ ਦੀ ਜਾਣਕਾਰੀ ਇਲਾਕੇ ਦੀ ਪ੍ਰਧਾਨ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਡਾ. ਮੀਨਾਕਸ਼ੀ ਕਪੂਰਥਲਾ ’ਚ ਡਾਕਟਰ ਦੇ ਅਹੁਦੇ 'ਤੇ ਤਾਇਨਾਤ ਸਨ, ਜਦਕਿ ਉਸ ਦੇ ਪਤੀ ਡਾ. ਪੀਯੂਸ਼ ਸੂਦ ਨਿੱਜੀ ਹਸਪਤਾਲ ਚਲਾਉਂਦੇ ਹਨ। ਪੁਲਿਸ ਨੇ ਵਾਰਸਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ’ਚ ਰੱਖਦਿਆਂ ਜਾਂਚ ਅੱਗੇ ਵਧਾਈ ਜਾ ਰਹੀ ਹੈ।
---
ਪੋਸਟਮਾਰਟਮ ਮਗਰੋਂ ਲਾਸ਼ ਜਲਾਲਾਬਾਦ ਲੈ ਕੇ ਵਾਰਸ
ਵੀਰਵਾਰ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਮਗਰੋਂ ਵਾਰਸਾਂ ਨੇ ਲਾਸ਼ ਨੂੰ ਡਾਕਟਰ ਪੀਯੂਸ਼ ਦੇ ਘਰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਮੀਨਾਕਸ਼ੀ ਦੀ ਲਾਸ਼ ਲੈ ਕੇ ਆਪਣੇ ਜੱਦੀ ਘਰ ਜਲਾਲਾਬਾਦ ਚਲੇ ਗਏ ਹਨ। ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦਾ ਸਸਕਾਰ ਜਲਾਲਾਬਾਦ ’ਚ ਕਰਨਗੇ।
---
ਜਾਅਲੀ ਦਸਤਖਤਾਂ ’ਤੇ ਢਾਈ ਕਰੋੜ ਦਾ ਕਰਜ਼ਾ ਲੈਣ ਦੇ ਦੋਸ਼
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿਤਾ ਪ੍ਰਮੋਦ ਕੁਮਾਰ, ਜੋ ਸਿੱਖਿਆ ਵਿਭਾਗ ’ਚ ਕੰਮ ਕਰਦੇ ਸਨ, ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦੇ ਨਾਂ ’ਤੇ ਜੋ ਢਾਈ ਕਰੋੜ ਦਾ ਕਰਜ਼ਾ ਲਿਆ ਗਿਆ ਸੀ, ਉਹ ਗਲਤ ਢੰਗ ਨਾਲ ਲਿਆ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਬੈਂਕ ’ਚ ਜੋ ਉਨ੍ਹਾਂ ਦੀ ਧੀ ਦੇ ਦਸਤਖ਼ਤ ਸਨ, ਉਹ ਜਾਅਲੀ ਸਨ। ਡਾਕਟਰ ਪੀਯੂਸ਼ ਨੇ ਖ਼ੁਦ ਹੀ ਦਸਤਖ਼ਤ ਕੀਤੇ ਤੇ ਕਰਜ਼ਾ ਲੈ ਲਿਆ, ਜਦਕਿ ਉਨ੍ਹਾਂ ਦੀ ਧੀ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।
---
ਪਤਨੀ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਿਆ ਸੀ ਪੀਯੂਸ਼
ਬੁੱਧਵਾਰ ਨੂੰ ਜਦੋਂ ਡਾ. ਮੀਨਾਕਸ਼ੀ ਦੀ ਲਾਸ਼ ਮਿਲਣ ਦੀ ਗੱਲ ਫੈਲੀ ਤਾਂ ਡਾਕਟਰ ਪੀਯੂਸ਼ ਵੀ ਉਸ ਘਰ ’ਚ ਪੁੱਜਾ। ਹਾਲਾਂਕਿ ਉਹ ਪਿਛਲੇ ਇਕ ਸਾਲ ਤੋਂ ਵੱਖ ਰਹਿ ਰਹੇ ਸਨ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪੁੱਜਾ ਤਾਂ ਮੀਨਾਖਸ਼ੀ ਦੀ ਲਾਸ਼ ਦੇਖ ਕੇ ਉਹ ਪਹਿਲਾਂ ਫੁੱਟ-ਫੁੱਟ ਕੇ ਰੋਇਆ ਤੇ ਫਿਰ ਲਾਸ਼ ਨੂੰ ਦੇਖ ਕੇ ਬੇਹੋਸ਼ ਹੋ ਗਿਆ। ਲੋਕਾਂ ਨੇ ਉਸ ਨੂੰ ਗੱਡੀ ’ਚ ਬਿਠਾ ਕੇ ਨਾਲ ਲੈ ਗਏ, ਜਿਸ ਤੋਂ ਬਾਅਦ ਉਹ ਰੂਪੋਸ਼ ਹੋ ਗਿਆ।
---
ਪਿਤਾ ਨੇ ਜੋ ਦੱਸਿਆ ਪੁਲਿਸ ਨੂੰ...
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕਾ ਦੇ ਪਿਤਾ ਸੰਤ ਸਿੰਘ ਸਟ੍ਰੀਟ, ਜਲਾਲਾਬਾਦ ਪੱਛਮੀ, ਫਾਜਿਲਕਾ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਲੰਬੇ ਸਮੇਂ ਤੋਂ ਪਤੀ ਡਾ. ਪੀਯੂਸ਼ ਸੂਦ ਦਾ ਅੱਤਿਆਚਾਰ ਝੱਲ ਰਹੀ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਉਠਾਇਆ। ਪਿਤਾ ਨੇ ਦੱਸਿਆ ਕਿ ਡਾ. ਮੀਨਾਕਸ਼ੀ ਦੀ ਵਿਆਹ ਅਕਤੂਬਰ 2018 ਵਿਚ ਜਲੰਧਰ ਦੇ ਡਾ. ਪੀਯੂਸ਼ ਸੂਦ ਨਾਲ ਹੋਇਆ ਸੀ। ਵਿਆਹ ਫੌਰੀ ਬਾਅਦ ਮੀਨਾਕਸ਼ੀ ਨੇ ਆਪਣੇ ਨਾਂ 'ਤੇ ਕਰੀਬ 35 ਲੱਖ ਰੁਪਏ ਦਾ ਕਰਜ਼ਾ ਲੈ ਕੇ ਪਤੀ ਨੂੰ ਦਿੱਤਾ ਸੀ। ਦੋਸ਼ ਸੀ ਕਿ ਇਸੇ ਰਕਮ ਨਾਲ ਪੀਯੂਸ਼ ਸੂਦ ਨੇ ਆਪਣਾ 'ਨੈਸ਼ਨਲ ਆਈ ਕੇਅਰ' ਹਸਪਤਾਲ ਸ਼ੁਰੂ ਕੀਤਾ। ਕਰਜ਼ੇ ਦੀਆਂ ਕਿਸ਼ਤਾਂ ਵੀ ਮੀਨਾਕਸ਼ੀ ਆਪਣੀ ਤਨਖਾਹ ’ਚੋਂ ਭਰਦੀ ਰਹੀ। ਬਿਆਨ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸਾਲ 2023 ’ਚ ਪੀਯੂਸ਼ ਸੂਦ ਦੇ ਹਸਪਤਾਲ ’ਚ ਕੰਮ ਕਰਨ ਵਾਲੀਆਂ ਔਰਤਾਂ ਨਾਲ ਨਾਜਾਇਜ਼ ਸਬੰਧਾਂ ਦੀ ਜਾਣਕਾਰੀ ਸਾਹਮਣੇ ਆਈ। ਮੀਨਾਕਸ਼ੀ ਨੂੰ ਹਸਪਤਾਲ ਦੇ ਸੀਸੀਟੀਵੀ ਫੁਟੇਜ ਵੀ ਮਿਲੀ, ਜਿਸ ’ਚ ਪਤੀ ਦੀ ਇਕ ਔਰਤ ਨਾਲ ਇਤਰਾਜ਼ਯੋਗ ਸਰਗਰਮੀਆਂ ਦਿਖਾਈ ਦਿੱਤੀਆਂ ਸਨ। ਪਰਿਵਾਰ ਨੇ ਕਈ ਵਾਰੀ ਸਮਝੌਤੇ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਹੋਰ ਵਿਗੜ ਗਈ। ਪੀਯੂਸ਼ ਸੂਦ ਨੇ ਕਈ ਵਾਰੀ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਗਲਾ ਦਬਾ ਕੇ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਜੂਨ 2025 ’ਚ ਹੋਈ ਮਾਰਕੁੱਟ ਮਗਰੋਂ ਮੀਨਾਖਸ਼ੀ ਨੇ ਪੁਲਿਸ ਹੈਲਪਲਾਈਨ 112 'ਤੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਹ ਜੁਲਾਈ 2025 ਤੋਂ ਕੇਵਲ ਵਿਹਾਰ ਸਥਿਤ ਕਿਰਾਏ ਦੇ ਮਕਾਨ ’ਚ ਰਹਿਣ ਲੱਗੀ ਸੀ। ਪਿਤਾ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਮੀਨਾਕਸ਼ੀ ਘਰ ਖਰੀਦਣ ਲਈ ਬੈਂਕ ਪੁੱਜੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਂ 'ਤੇ ਕਥਿਤ ਤੌਰ 'ਤੇ ਜਾਅਲੀ ਦਸਤਖ਼ਤ ਕਰ ਕੇ ਕਰੀਬ ਢਾਈ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਇਸ ਗੱਲ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਰਹਿਣ ਲੱਗੀ ਸੀ।