ਡਾ. ਅੰਬੇਡਕਰ ਜੀ ਦੇ ਸਿਧਾਂਤ ਅੱਜ ਵੀ ਪ੍ਰੇਰਨਾਸ੍ਰੋਤ : ਜਾਖੜ
ਜਾਸ, ਜਲੰਧਰ : ਸੰਵਿਧਾਨ
Publish Date: Tue, 14 Apr 2026 11:10 PM (IST)
Updated Date: Tue, 14 Apr 2026 11:12 PM (IST)
ਜਾਸ, ਜਲੰਧਰ : ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਮੰਗਲਵਾਰ ਨੂੰ ਭਾਜਪਾ ਵੱਲੋਂ ਮਨਾਈ ਗਈ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਪਾਰਟੀ ਦੇ ਆਗੂਆਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਤੇ ਬਾਬਾ ਸਾਹਿਬ ਦੇ ਦੇਸ਼ ਲਈ ਕੀਤੇ ਯੋਗਦਾਨ ਨੂੰ ਨਮਨ ਕੀਤਾ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਬੇ-ਕੁਚਲੇ ਵਰਗਾਂ ਦੇ ਮਸੀਹਾ ਡਾ. ਅੰਬੇਡਕਰ ਦਾ ਸੁਨੇਹਾ ਅੱਜ ਵੀ ਉਨਾ ਹੀ ਪ੍ਰਾਸੰਗਿਕ ਹੈ ਜਿਵੇਂ ਕਿ ਆਜ਼ਾਦੀ ਸੰਘਰਸ਼ ਤੇ ਸੰਵਿਧਾਨ ਨਿਰਮਾਣ ਦੇ ਵੇਲੇ ਸੀ। ਉਨ੍ਹਾਂ ਦਾ ਮੰਤਰ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਮਨੁੱਖਤਾ ਲਈ ਇਕ ਸਥਾਈ ਸਿਧਾਂਤ ਬਣ ਚੁੱਕਾ ਹੈ। ਸਮਾਜ ਨੂੰ ਇਕ ਮੰਚ ’ਤੇ ਲਿਆਉਣ ’ਚ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ ਪਰ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਤਾਕਤਾਂ ਤੋਂ ਸਾਵਧਾਨ ਰਹੀਏ ਜੋ ਸਮਾਜ ’ਚ ਵੰਡੀਆਂ ਪਾਉਂਦੀਆਂ ਹਨ ਤੇ ਇਥੇ ਤੱਕ ਕਿ ਬਾਬਾ ਸਾਹਿਬ ਦੀਆਂ ਮੂਰਤੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਤੋਂ ਨਹੀਂ ਖੁੰਝਦੀਆਂ।
ਉਨ੍ਹਾਂ ਦਾ ਸਿਧਾਂਤਾਂ ਦਾ ਪਾਲਣ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ "ਸਭ ਦਾ ਸਾਥ, ਸਭ ਦਾ ਵਿਕਾਸ" ਦੀ ਨੀਤੀ 'ਤੇ ਚੱਲ ਰਹੀ ਹੈ ਤਾਂ ਜੋ ਕਿਸੇ ਵੀ ਭੇਦਭਾਵ ਦੇ ਬਿਨਾਂ ਹਰ ਵਰਗ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪੁੱਜ ਸਕੇ। ਇਸ ਮੌਕੇ 'ਤੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਐੱਮਪੀ ਸੰਸਦ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਅਵਿਨਾਸ਼ ਚੰਦਰ ਅਤੇ ਸਰਬਜੀਤ ਸਿੰਘ ਮੱਕੜ, ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਜ਼ਿਲਾ ਸਕੱਤਰ ਅਮਿਤ ਭਾਟੀਆ, ਪਾਰਸ਼ਦ ਰਾਜੀਵ ਢੀਂਗਰਾ ਤੇ ਹੋਰ ਹਾਜ਼ਰ ਸਨ।