ਤਕਸ਼ਿਲਾ ਮਹਾਂਬੁੱਧ ਵਿਹਾਰ ’ਚ ਮਨਾਏਗੀ ਜਾਵੇਗੀ ਡਾ. ਅੰਬੇਡਕਰ ਜੈਅੰਤੀ
ਡਾ. ਅੰਬੇਡਕਰ ਜੈਅੰਤੀ 14 ਅਪ੍ਰੈਲ ਨੂੰ ਮਨਾਈ ਜਾਵੇਗੀ - ਪੰਜਾਬ ਬੁੱਧਿਸਟ ਸੁਸਾਇਟੀ
Publish Date: Tue, 24 Mar 2026 08:54 PM (IST)
Updated Date: Tue, 24 Mar 2026 08:58 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਬੁੱਧਿਸਟ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਦੀ ਅਗਵਾਈ ’ਚ ਇਕ ਵਿਸ਼ੇਸ਼ ਮੀਟਿੰਗ ਤਕਸ਼ਿਲਾ ਮਹਾਂਬੁੱਧ ਵਿਹਾਰ ’ਚ ਹੋਈ। ਇਸ ਮੌਕੇ ਅਹਿਮ ਮੁੱਦਿਆਂ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ’ਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ, ਜਿਨ੍ਹਾਂ ’ਚ ਬੌਧ ਗਯਾ ਮੁਕਤੀ ਅੰਦੋਲਨ ਦੇ 400 ਦਿਨ ਪੂਰੇ ਹੋਣ 'ਤੇ ਸੁਸਾਇਟੀ ਵੱਲੋਂ ਭਿਖਸ਼ੂ ਸੰਘ, ਆਕਾਸ਼ ਲਾਮਾ ਤੇ ਅੰਦੋਲਨਕਾਰੀਆਂ ਦਾ ਧੰਨਵਾਦ ਕੀਤਾ ਗਿਆ ਤੇ ਸਫਲਤਾ ਪੂਰਵਕ ਅੰਦੋਲਨ ਚਾਲੂ ਰੱਖਣ ਦੀ ਵਧਾਈ ਵੀ ਦਿੱਤੀ ਗਈ। ਬੋਧੀ ਆਗੂਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਦੀ ਮੰਗ ਕੀਤੀ, ਘੱਟ ਗਿਣਤੀ ਕਮਿਸ਼ਨ ਪੰਜਾਬ 'ਚ ਬੋਧੀਆਂ ਨੂੰ ਨੁਮਾਇੰਦਗੀ ਦੇਣ ਬਾਰੇ ਤੇ 14 ਅਪ੍ਰੈਲ 2026 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 135 ਵਾਂ ਆਗਮਨ ਦਿਵਸ ਤਕਸ਼ਿਲਾ ਮਹਾਂ ਬੁੱਧ ਵਿਹਾਰ ਵਿਖੇ ਮਨਾਉਣ ਦਾ ਫੈਸਲਾ ਕੀਤਾ। ਮੀਟਿੰਗ 'ਚ ਰਾਮਦਾਸ ਗੁਰੂ, ਰਾਮ ਨਰਾਇਣ ਬੌਧ, ਸੁਰਿੰਦਰ ਸਿੰਘ, ਮਨੋਜ ਕੁਮਾਰ ਐੱਸਡੀਓ, ਮੀਨਾ ਬੌਧ, ਐਡਵੋਕੇਟ ਜਗਦੀਸ਼ ਬੌਧ, ਡਾ. ਅਵਿਨਾਸ਼ ਸੌਂਧੀ, ਮੇਹਰ ਚੰਦ, ਸਤੀਸ਼ ਕੁਮਾਰ ਤੇ ਹੋਰ ਬਹੁਤ ਸਾਰੇ ਬੋਧੀ ਉਪਾਸਕ ਸ਼ਾਮਲ ਸਨ। ਭਿਖਸ਼ੂ ਪ੍ਰਗਿਆ ਬੋਧੀ ਨੇ ਸਭ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਸਾਨੂੰ ਤਥਾਗਤ ਬੁੱਧ, ਬਾਬਾ ਸਾਹਿਬ ਡਾ. ਅੰਬੇਡਕਰ ਦੇ ਉਪਦੇਸ਼ਾਂ ਤੇ ਵਿਚਾਰਧਾਰਾ 'ਤੇ ਚੱਲਣਾ ਚਾਹੀਦਾ ਹੈ। ਅੰਤ ’ਚ ਐਡਵੋਕੇਟ ਹਰਭਜਨ ਸਾਂਪਲਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਬੌਧ ਗਯਾ ਮੁਕਤੀ ਅੰਦੋਲਨ 'ਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।