ਸੀ.ਟੀ. ਗਰੁੱਪ ’ਚ ਬਿਖੇਰਿਆ ਸੂਫ਼ੀਆਨਾ ਸੁਰਾਂ ਦਾ ਜਾਦੂ
ਸੀਟੀ ਗਰੁੱਪ ’ਚ ‘ਦੌਰ-ਏ-ਮੁਹੱਬਤ' ਨੇ ਬਿਖੇਰਿਆ ਸੂਫ਼ੀਆਨਾ ਸੁਰਾਂ ਦਾ ਜਾਦੂ
Publish Date: Thu, 12 Feb 2026 06:52 PM (IST)
Updated Date: Thu, 12 Feb 2026 06:54 PM (IST)

-ਪ੍ਰਸਿੱਧ ਕਵਿੱਤਰੀ ਰੂਪ ਕੌਰ ਕੂਨਰ ਦੀ ਕਵਿਤਾ ਤੇ ਗਾਇਕੀ ਨਾਲ ਰੂਬਰੂ ਹੋਏ ਵਿਦਿਆਰਥੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦੇ ਮੰਜੀਤ ਕੌਰ ਆਡੀਟੋਰੀਅਮ ’ਚ ਵੈਲੰਟਾਈਨ ਵੀਕ ਦੇ ਮੌਕੇ ’ਤੇ ਕਰਵਾਏ ਇਕ ਵਿਸ਼ੇਸ਼ ਸਮਾਗਮ ‘ਦੌਰ-ਏ-ਮੋਹੱਬਤ’ ਵਿਦਿਆਰਥੀਆਂ ਨੂੰ ਕਲਾ, ਭਾਵਨਾਵਾਂ ਤੇ ਵਿਚਾਰਾਂ ਦੀ ਇਕ ਰੂਹਾਨੀ ਯਾਤਰਾ ’ਤੇ ਲੈ ਗਿਆ। ਇਸ ਸਮਾਗਮ ’ਚ ਪ੍ਰਸਿੱਧ ਲੇਖਿਕਾ, ਕਵਿੱਤਰੀ , ਸ਼ਾਇਰਾ ਤੇ ਗਾਇਕਾ ਰੂਪ ਕੌਰ ਕੂਨਰ ਨੇ ਸੂਫ਼ੀ ਸੰਗੀਤ, ਸ਼ਾਇਰੀ ਤੇ ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਸਮਾਗਮ ’ਚ ਮੌਜੂਦ ਸਭ ਦੇ ਦਿਲ ਜਿੱਤੇ। ਸਮਾਗਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਾ ਰਹਿੰਦਿਆਂ, ਪ੍ਰੇਮ, ਜੀਵਨ-ਦਰਸ਼ਨ, ਪਛਾਣ ਤੇ ਸਮਾਜਕ ਸੰਵੇਦਨਸ਼ੀਲਤਾ ਵਰਗੇ ਗੰਭੀਰ ਵਿਸ਼ਿਆਂ ’ਤੇ ਕੇਂਦਰਿਤ ਰਿਹਾ। ਆਪਣੀਆਂ ਪ੍ਰਸਿੱਧ ਰਚਨਾਵਾਂ ‘ਅਕੀਦਾ’ ਤੇ ‘ਮਿਰਾਕੀ’ ਦੀ ਸਾਹਿਤਕ ਗਹਿਰਾਈ ਨੂੰ ਮੰਚ ’ਤੇ ਉਤਾਰਦੇ ਹੋਏ, ਸ਼ਾਇਰਾ ਰੂਪ ਕੌਰ ਕੂਨਰ ਨੇ ਗਾਇਕੀ ਤੇ ਕਵਿਤਾ ਦੇ ਮਿਲਾਪ ਨਾਲ ਵਿਦਿਆਰਥੀਆਂ ਨੂੰ ਬੁੱਧਿਕ ਤੇ ਆਤਮਿਕ ਤੌਰ ’ਤੇ ਪ੍ਰੇਰਿਤ ਕੀਤਾ। ਇਸ ਮੌਕੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਡਾਇਰੈਕਟਰ ਸਟੂਡੈਂਟ ਵੈਲਫੇਅਰ ਦਵਿੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਅਰਜਨ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੁਖੀ ਹਾਜ਼ਰ ਰਹੇ। ਡਾ. ਮਨਬੀਰ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ, ਸਾਡਾ ਮਕਸਦ ਅਜਿਹੇ ਵਿਦਿਆਰਥੀ ਤਿਆਰ ਕਰਨਾ ਹੈ, ਜੋ ਤਕਨੀਕੀ ਗਿਆਨ ਦੇ ਨਾਲ-ਨਾਲ ਭਾਵਨਾਤਮਕ ਤੌਰ ’ਤੇ ਮਜ਼ਬੂਤ ਤੇ ਸੱਭਿਆਚਾਰਕ ਤੌਰ ’ਤੇ ਜਾਗਰੂਕ ਹੋਣ। ਰੂਪ ਕੌਰ ਕੂਨਰ ਵਰਗੀ ਸਾਹਿਤਕ ਸ਼ਖਸੀਅਤ ਦਾ ਸਾਥ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਤੇ ਪੰਜਾਬੀਅਤ ਨਾਲ ਜੋੜਦਾ ਹੈ। ਇਸ ਤਰ੍ਹਾਂ ਦੇ ਸਾਹਿਤਕ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਪੰਜਾਬੀ ਸਾਹਿਤਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਸਮਾਗਮ ਦੇ ਅੰਤ ’ਚ ਵਿਦਿਆਰਥੀਆਂ ਵੱਲੋਂ ਸ਼ਾਇਰਾ ਰੂਪ ਕੌਰ ਕੂਨਰ ਨੂੰ ਖੜ੍ਹੇ ਹੋ ਕੇ ਤਾਲੀਆਂ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਲਾ ਤੇ ਕਵਿਤਾ ਆਤਮਾ ਦਾ ਦਰਪਣ ਹੁੰਦੀਆਂ ਹਨ। ‘ਦੌਰ-ਏ-ਮੁਹੱਬਤ’ ਰਾਹੀਂ ਮੈਂ ਨੌਜਵਾਨ ਮਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਸੀ ਕਿ ਪ੍ਰੇਮ ਸਿਰਫ਼ ਭਾਵਨਾ ਨਹੀਂ, ਸਗੋਂ ਸਮਝ ਤੇ ਮਨੁੱਖੀ ਏਕਤਾ ਹੈ। ਸੂਫ਼ੀ ਸੁਰਾਂ ਤੇ ਜ਼ਿੰਦਗੀ ਦੇ ਫ਼ਲਸਫ਼ਿਆਂ ਨਾਲ ਇਹ ਸਮਾਗਮ ਵਿਦਿਆਰਥੀਆਂ ਲਈ ਇਕ ਯਾਦਗਾਰ ਅਨੁਭਵ ਬਣ ਗਿਆ।