ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਘਰ-ਘਰ ਜਾ ਕੇ ਅਰਜ਼ੀਆਂ ਭਰਨ ਦੀ ਮੁਹਿੰਮ ਸ਼ੁਰੂ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਘਰ-ਘਰ ਅਭਿਆਨ ਸ਼ੁਰੂ, ਕੈਬਿਨੇਟ ਮੰਤਰੀ ਮਹਿੰਦਰ ਭਗਤ ਨੇ ਕੀਤਾ ਸ਼ੁਭ ਆਰੰਭ
Publish Date: Sun, 25 Jan 2026 07:01 PM (IST)
Updated Date: Mon, 26 Jan 2026 04:13 AM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਕਾਰਡ ਬਣਵਾਉਣ ਵਾਸਤੇ ਸ਼ਨਿਚਰਵਾਰ ਨੂੰ ਵਾਰਡ ਨੰਬਰ 56 ’ਚ ਘਰ-ਘਰ ਜਾ ਕੇ ਅਰਜ਼ੀਆਂ ਭਰਨ ਦਾ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦਾ ਸ਼ੁਭ ਆਰੰਭ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਕੀਤਾ ਗਿਆ। ਇਸ ਮੌਕੇ ਕੈਬਿਨੇਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਮੁੱਖ ਉਦੇਸ਼ ਹਰ ਪਰਿਵਾਰ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਕਿਸੇ ਵੀ ਲੋੜਵੰਦ ਨੂੰ ਇਲਾਜ ਲਈ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਯੋਗ ਪਰਿਵਾਰਾਂ ਨੂੰ ਹਸਪਤਾਲਾਂ ’ਚ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲ ਸਕੇਗੀ। ਘਰ-ਘਰ ਜਾ ਕੇ ਚਲਾਏ ਗਏ ਇਸ ਅਭਿਆਨ ਦੌਰਾਨ ਲੋਕਾਂ ਨੂੰ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ ਤੇ ਕਾਰਡ ਬਣਵਾਉਣ ਦੀ ਪ੍ਰਕਿਰਿਆ ਨੂੰ ਸੌਖੇ ਤਰੀਕੇ ਨਾਲ ਸਮਝਾਇਆ ਗਿਆ। ਇਸ ਮੌਕੇ ਵਾਰਡ ਕੌਂਸਲਰ ਮੁਕੇਸ਼ ਸੇਠੀ, ਵਾਰਡ ਇੰਚਾਰਜ ਸੁਖਾ, ਸਾਬਕਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਯੂਥ ਇੰਚਾਰਜ ਏਕਮ, ਵਰੁਣ, ਨਰਿੰਦਰ ਆਦਿ ਵੀ ਮੌਜੂਦ ਸਨ।