ਐੱਚਪੀਵੀ ਟੀਕੇ ਬਾਰੇ ਅਫ਼ਵਾਹਾਂ 'ਤੇ ਯਕੀਨ ਨਾ ਕਰੋ : ਡਾ. ਗਰਗ
ਐੱਚਪੀਵੀ ਟੀਕੇ ਬਾਰੇ ਆਮ ਗਲਤ ਧਾਰਨਾਵਾਂ ਤੇ ਅਫਵਾਹਾਂ 'ਤੇ ਯਕੀਨ ਨਾ ਕਰੋ - ਸਿਵਲ ਸਰਜਨ ਡਾ. ਰਾਜੇਸ਼ ਗਰਗ
Publish Date: Tue, 17 Mar 2026 07:26 PM (IST)
Updated Date: Tue, 17 Mar 2026 07:28 PM (IST)
-ਲੋਕਾਂ ਨੂੰ ਅਪੀਲ ਸੁਰੱਖਿਅਤ ਤੇ ਸਿਹਤਮੰਦ ਭਵਿੱਖ ਲਈ 14 ਸਾਲ ਦੀਆਂ ਲੜਕੀਆਂ ਦਾ ਟੀਕਾਕਰਨ ਜ਼ਰੂਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੜਕੀਆਂ ’ਚ ਹੋਣ ਵਾਲੇ ਸਰਵਾਈਕਲ ਕੈਂਸਰ ਨੂੰ ਰੋਕਣ ’ਚ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕੇ ਦੀ ਮਹੱਤਤਾ ਬਾਰੇ ਦੱਸਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਐੱਚਪੀਵੀ ਟੀਕਾ ਸੁਰੱਖਿਅਤ ਹੈ ਤੇ ਸਰਵਾਈਕਲ ਕੈਂਸਰ ਨੂੰ ਰੋਕਣ ’ਚ ਪੂਰੀ ਤਰ੍ਹਾਂ ਸਰਮਥ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਪ੍ਰੋਤਸਾਹਿਤ ਕਰਨ ਤੇ ਉਨ੍ਹਾਂ ਦਾ ਐੱਚਪੀਵੀ ਟੀਕਾਕਰਨ ਜਰੂਰ ਕਰਵਾਉਣ ਤਾਂ ਜੋ 28 ਫਰਵਰੀ 2026 ਨੂੰ 90 ਦਿਨਾਂ ਦੀ ਮਿਆਦ ਲਈ ਸ਼ੁਰੂ ਕੀਤੀ ਗਈ ਚੱਲ ਰਹੀ ਰਾਸ਼ਟਰੀ ਐੱਚਪੀਵੀ ਟੀਕਾਕਰਨ ਮੁਹਿੰਮ ਸਫਲ ਹੋ ਸਕੇ ਤੇ ਲੜਕੀਆਂ ਦਾ ਭਵਿੱਖ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਹੋ ਸਕੇ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐੱਚਪੀਵੀ ਟੀਕਾ ਜ਼ਿਲ੍ਹਾ ਹਸਪਤਾਲ ਜਲੰਧਰ, ਸਬ=ਡਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਕਿਸ਼ੋਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਐੱਚਪੀਵੀ ਟੀਕੇ ਬਾਰੇ ਆਮ ਗਲਤ ਧਾਰਨਾਵਾਂ ਤੋਂ ਬਚਣਾ ਚਾਹੀਦਾ ਹੈ ਤੇ ਸੋਸ਼ਲ ਮੀਡੀਆ ’ਤੇ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਅਣਦੇਖਾ ਕਰਨਾ ਚਾਹੀਦਾ ਹੈ। ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਟੀਕਾਕਰਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ "ਇਹ ਧਾਰਨਾਵਾਂ ਗਲਤ ਹਨ ਕਿ ਐੱਚਪੀਵੀ ਟੀਕਾ ਔਰਤਾਂ ’ਚ ਗਰਭ ਅਵਸਥਾ ਜਾਂ ਮਾਹਵਾਰੀ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ, ਇਹ ਦਾਅਵੇ ਸੱਚ ਨਹੀਂ ਹਨ ਤੇ ਐੱਚਪੀਵੀ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।