ਹਿੰਸਕ ’ਚ ਬਦਲਿਆ ਪਰਿਵਾਰਕ ਝਗੜਾ
ਪੁਲਿਸ ਮੁਲਾਜਮ ਬਿਆਨ
Publish Date: Sat, 03 Jan 2026 10:13 PM (IST)
Updated Date: Sat, 03 Jan 2026 10:14 PM (IST)

ਪਤਨੀ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ ’ਚ ਪੈਂਦੇ ਪਿੰਕ ਸਿਟੀ ਕਾਲੋਨੀ ਵਿਚ ਇਕ ਪਰਿਵਾਰਕ ਝਗੜਾ ਹਿੰਸਾ ਵਿਚ ਬਦਲ ਗਿਆ, ਜਦੋਂ ਇਕ ਔਰਤ ’ਤੇ ਆਪਣੇ ਮਾਮੇ ਦੇ ਪਰਿਵਾਰ ਨਾਲ ਰਲ ਕੇ ਆਪਣੇ ਸਹੁਰਿਆਂ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਤਨੀ ਨੇ ਆਪਣੇ ਭਰਾ ਤੇ ਮਾਂ ਨਾਲ ਰਲ ਕੇ ਇਹ ਹਮਲਾ ਕੀਤਾ। ਪਰਿਵਾਰ ਅਨੁਸਾਰ ਪਤਨੀ ਨੇ ਆਪਣੇ ਬੱਚਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਹੋਏ, ਸਹੁਰਿਆਂ ਨੂੰ ਗੱਲਬਾਤ ਲਈ ਬੁਲਾਇਆ। ਇਸ ਦੌਰਾਨ ਅਚਾਨਕ ਸਥਿਤੀ ਵਿਗੜ ਗਈ। ਦੋਸ਼ ਹੈ ਕਿ ਔਰਤ ਦੇ ਭਰਾ ਨੇ ਇਕ ਪਰਿਵਾਰਕ ਮੈਂਬਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮੌਕੇ ਤੇ ਹਫੜਾ-ਦਫੜੀ ਮਚ ਗਈ। ਫਿਰ ਹਮਲਾਵਰਾਂ ਨੇ ਘਰ ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੌਰਾਨ ਘਰ ਦੇ ਅੰਦਰ ਅਤੇ ਬਾਹਰ ਸਾਮਾਨ ਨੂੰ ਨੁਕਸਾਨਿਆ ਗਿਆ, ਜਿਸ ਕਾਰਨ ਪਰਿਵਾਰ ਡਰ ਗਿਆ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਮੁਲਜ਼ਮ ਮੌਕੇ ਤੋਂ ਭੱਜ ਗਏ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਦਾ ਨਤੀਜਾ ਪੂਰੇ ਪਰਿਵਾਰ ਨੂੰ ਭੁਗਤਣਾ ਪਿਆ ਹੈ। ਮੁਲਜ਼ਮ ਔਰਤ ਸੰਗਤ ਸਿੰਘ ਨਗਰ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ ਤੇ ਆਪਣੇ ਮਾਮੇ ਦੇ ਪਰਿਵਾਰ ਨਾਲ ਘਟਨਾ ਸਥਾਨ ’ਤੇ ਪੁੱਜੀ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬਾਵਾ ਖੇਲ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।