- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਖੁਰਾਕ ਤੇ ਸਪਲਾਈ ਵਿਭਾਗ

-ਖੁਰਾਕ ਤੇ ਸਪਲਾਈ ਵਿਭਾਗ ਨੇ ਗਠਿਤ ਕੀਤੀ ਟੀਮ, ਜਾਰੀ ਕੀਤਾ ਹੈਲਪਲਾਈਨ ਨੰਬਰ
- ਗੈਸ ਏਜੰਸੀਆਂ 'ਤੇ ਉਪਭੋਗਤਾ ਕਾਪੀ ਲੈ ਕੇ ਪੁੱਜ ਰਹੇ ਲੋਕ
- ਏਜੰਸੀ ਚਲਾਉਣ ਵਾਲਿਆਂ ਨੇ ਦਫਤਰਾਂ ’ਚ ਤਾਇਨਾਤ ਕੀਤਾ ਵਾਧੂ ਸਟਾਫ
- ਰੇਹੜੀ-ਫੜੀ 'ਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਕਰ ਰਹੇ ਲੱਕੜ-ਡੀਜ਼ਲ ਭੱਠੀ ਦੀ ਵਰਤੋਂ
ਜਾਸ, ਜਲੰਧਰ : ਇਕ ਹਫ਼ਤੇ ਦੇ ਅੰਦਰ ਹੀ ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਵਿਚ ਚਾਰ ਗੁਣਾ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਆਮ ਦਿਨਾਂ ਵਿਚ ਜਿੱਥੇ ਰੋਜ਼ਾਨਾ 12 ਹਜ਼ਾਰ ਦੇ ਕਰੀਬ ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਹੁੰਦੀ ਸੀ, ਉਥੇ ਹੁਣ ਜ਼ਿਲ੍ਹੇ ਦੀਆਂ 75 ਗੈਸ ਏਜੰਸੀਆਂ ’ਤੇ 50 ਹਜ਼ਾਰ ਤੋਂ ਵੱਧ ਦੀ ਬੁਕਿੰਗ ਕੀਤੀ ਜਾ ਰਹੀ ਹੈ। ਜਦਕਿ ਆਮ ਦਿਨਾਂ ਦੇ ਮੁਕਾਬਲੇ ਰੋਜ਼ਾਨਾ 12 ਹਜ਼ਾਰ ਦੇ ਕਰੀਬ ਹੀ ਗੈਸ ਸਿਲੰਡਰਾਂ ਦੀ ਸਪਲਾਈ ਵੀ ਹੋ ਰਹੀ ਹੈ। ਬੁਕਿੰਗ ਤੇ ਸਪਲਾਈ ਦੇ ਵਿਚਾਲੇ ਵੱਡਾ ਫਰਕ ਹੋਣ ਕਾਰਨ ਲੋਕਾਂ ਤੱਕ ਸਿਲੰਡਰਾਂ ਦੀ ਸਪਲਾਈ ਦੇਣ ’ਚ ਮੁਸ਼ਕਲਾਂ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਆਮ ਦਿਨਾਂ ’ਚ 24 ਤੋਂ 48 ਘੰਟਿਆਂ ਵਿਚਾਲੇ ਸਿਲੰਡਰਾਂ ਦੀ ਸਪਲਾਈ ਕੀਤੀ ਜਾਂਦੀ ਸੀ ਪਰ ਹੁਣ ਛੇ ਦਿਨ ਬਾਅਦ ਸਪਲਾਈ ਦਿੱਤੀ ਜਾ ਰਹੀ ਹੈ। ਇਸ ਬਾਰੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਦੱਸਦੇ ਹਨ ਕਿ ਸਪਲਾਈ ਆਮ ਵਰਗੀ ਹੋ ਰਹੀ ਹੈ ਪਰ 75 ਗੈਸ ਏਜੰਸੀਆਂ ’ਤੇ ਬੁਕਿੰਗ ਵੱਧ ਹੋਣ ਕਾਰਨ ਹੀ ਅਜਿਹੇ ਹਾਲਾਤ ਬਣੇ ਹਨ। ਇਸ ਸਥਿਤੀ ’ਚ ਖਪਤਕਾਰਾਂ ਨੂੰ ਸਿਰਫ਼ ਜ਼ਰੂਰਤ ਮੁਤਾਬਕ ਹੀ ਬੁਕਿੰਗ ਕਰਵਾਉਣੀ ਚਾਹੀਦੀ ਹੈ ਤਾਂ ਜੋ ਜ਼ਰੂਰਤਮੰਦਾਂ ਤੱਕ ਸਮੇਂ ’ਤੇ ਗੈਸ ਦੀ ਸਪਲਾਈ ਕੀਤੀ ਜਾ ਸਕੇ। ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਗੈਸ ਏਜੰਸੀ ਚਲਾਉਣ ਵਾਲਿਆਂ ਨੂੰ ਰਿਜ਼ਰਵ ਸਟਾਕ ਰੱਖਣ ਦੇ ਨਿਰਦੇਸ਼ ਨਹੀਂ ਦਿੱਤੇ ਹਨ। ਕਾਰਨ ਇਹ ਸਟਾਕ ਸਿਰਫ਼ ਹੜ੍ਹ ਦੇ ਦਿਨਾਂ ਜਾਂ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੌਰਾਨ ਹੀ ਦਿੱਤੇ ਗਏ ਸਨ। ਇਸ ਸਮੇਂ ਪੂਰਾ ਧਿਆਨ ਸਟਾਕ ’ਤੇ ਨਹੀਂ, ਸਗੋਂ ਲੋਕਾਂ ਦੀ ਮੰਗ ਨੂੰ ਸਮੇਂ ’ਤੇ ਪੂਰਾ ਕਰਨ ਲਈ ਸਪਲਾਈ ’ਤੇ ਹੈ। ਇਸ ਦੌਰਾਨ ਸੁੱਚੀ ਪਿੰਡ ਸਥਿਤ ਇੰਡੇਨ ਦੇ ਗੁਦਾਮ ’ਚੋਂ ਤੀਜੇ ਦਿਨ ਗੈਸ ਸਿਲੰਡਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਸੰਭਾਵਨਾ ਹੈ ਕਿ ਇਸ ਨਾਲ ਸਿਲੰਡਰਾਂ ਦੀ ਸਪਲਾਈ ਜਲਦੀ ਸੁਚਾਰੂ ਹੋ ਜਾਵੇਗੀ। ਹਾਲਾਂਕਿ, ਵਪਾਰਕ ਗੈਸ ਦੀ ਸਪਲਾਈ ਨੂੰ ਲੈ ਕੇ ਕੋਈ ਹੁਕਮ ਜਾਰੀ ਨਾ ਹੋਣ ਕਾਰਨ ਗੈਸ ਦੀ ਵਪਾਰਕ ਵਰਤੋਂ ਕਰਨ ਵਾਲਿਆਂ ਨੂੰ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਧਰ, ਸ਼ੁੱਕਰਵਾਰ ਨੂੰ ਵੀ ਸ਼ਹਿਰ ਦੀਆਂ ਗੈਸ ਏਜੰਸੀਆਂ ’ਚ ਲੋਕ ਬੁਕਿੰਗ ਕਾਪੀ ਲੈ ਕੇ ਗੈਸ ਦੀ ਬੁਕਿੰਗ ਕਰਵਾਉਣ ਪੁੱਜੇ। ਏਜੰਸੀਆਂ 'ਤੇ ਪਹੁੰਚ ਰਹੇ ਲੋਕਾਂ ਦਾ ਦੋਸ਼ ਸੀ ਕਿ ਆਨਲਾਈਨ ਬੁਕਿੰਗ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਏਜੰਸੀ ਆਉਣਾ ਪੈ ਰਿਹਾ ਹੈ। ਇਸ ਦੌਰਾਨ ਜਿਸ ਉਪਭੋਗਤਾ ਨੂੰ ਸਿਲੰਡਰ ਦੀ ਡਲਿਵਰੀ ਦੇ 25 ਦਿਨ ਪੂਰੇ ਹੋ ਚੁੱਕੇ ਸਨ, ਉਨ੍ਹਾਂ ਦੀ ਬੁਕਿੰਗ ਕਰ ਲਈ ਗਈ। ਜਦਕਿ, ਜਿਨ੍ਹਾਂ ਦੇ ਹਾਲੇ 25 ਦਿਨ ਨਹੀਂ ਹੋਏ ਸਨ, ਉਨ੍ਹਾਂ ਨੂੰ ਵਾਪਸ ਮੋੜਿਆ ਜਾਂਦਾ ਰਿਹਾ। ਗੈਸ ਏਜੰਸੀਆਂ 'ਚ ਲੋਕਾਂ ਦੀ ਆਮਦ ਵਧਣ ਤੇ ਗੈਸ ਦੀ ਸਪਲਾਈ ਨੂੰ ਲੈ ਕੇ ਪੁੱਛਗਿੱਛ ਵਧਣ ਕਾਰਨ ਏਜੰਸੀਆਂ 'ਚ ਵਾਧੂ ਸਟਾਫ ਤਾਇਨਾਤ ਕਰ ਦਿੱਤਾ ਹੈ। ਗੁਰੂ ਨਾਨਕ ਮਿਸ਼ਨ ਚੌਕ ਨੇੜੇ ਗੈਸ ਏਜੰਸੀ 'ਚ ਸ਼ੁੱਕਰਵਾਰ ਨੂੰ ਤਿੰਨ ਸਟਾਫ ਮੈਂਬਰ ਸਿਰਫ਼ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਤਾਇਨਾਤ ਕੀਤੇ ਗਏ ਸਨ। ਏਜੰਸੀ ਦੇ ਮਾਲਕ ਲਲਤੇਸ਼ ਭਸੀਨ ਨੇ ਕਿਹਾ ਕਿ ਏਜੰਸੀ ’ਤੇ ਰੋਜ਼ਾਨਾ ਲੋਕ ਬੁਕਿੰਗ ਨੂੰ ਲੈ ਕੇ ਆ ਰਹੇ ਹਨ। ਇਸ ਕਾਰਨ ਸਟਾਫ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ। ਹਾਲਾਂਕਿ, ਫਿਲੌਰ ’ਚ ਵੀ ਸ਼ੁੱਕਰਵਾਰ ਨੂੰ ਗੈਸ ਏਜੰਸੀਆਂ ’ਤੇ ਲੋਕਾਂ ਦੀ ਕਤਾਰਾਂ ਦੇਖੀਆਂ ਗਈਆਂ।
---
ਮਜਬੂਰੀ ’ਚ ਕੰਮ ਬੰਦ ਕਰਨਾ ਪੈ ਸਕਦੈ : ਵਿਸ਼ਾਲ
ਭਗਵਾਨ ਵਾਲਮੀਕੀ ਚੌਕ ਰੋਡ ’ਤੇ ਕੁਲਚੇ ਤੇ ਬਰਗਰ ਦੀ ਰੇਹੜੀ ਲਾਉਣ ਵਾਲੇ ਵਿਸ਼ਾਲ ਨੇ ਕਿਹਾ ਕਿ ਆਮ ਦਿਨਾਂ ਵਿਚ ਉਹ ਪੰਜ ਕਿੱਲੋ ਦਾ ਗੈਸ ਸਿਲਿੰਡਰ 120 ਰੁਪਏ ਕਾਪੀ ਕਿੱਲੋ ਦੇ ਹਿਸਾਬ ਨਾਲ ਖਰੀਦ ਰਿਹਾ ਸੀ ਪਰ ਵਪਾਰਕ ਗੈਸ ਦੀ ਕਿੱਲਤ ਮਗਰੋਂ ਵੀਰਵਾਰ ਰਾਤ ਤੱਕ 200 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੈਸ ਦੀ ਖਰੀਦ ਕੀਤੀ ਸੀ। ਜਦਕਿ ਸ਼ੁੱਕਰਵਾਰ ਨੂੰ ਸਵੇਰੇ 200 ਰੁਪਏ ਦੇ ਹਿਸਾਬ ਨਾਲ ਵੀ ਨਹੀਂ ਮਿਲ ਰਹੀ। ਇਸ ਕਾਰਨ ਗਾਹਕ ਦੇ ਆਉਣ ’ਤੇ ਹੀ ਸਾਮਾਨ ਗਰਮ ਕਰਕੇ ਵੇਚ ਰਹੇ ਹਨ। ਜੇ ਸ਼ੁੱਕਰਵਾਰ ਰਾਤ ਨੂੰ ਗੈਸ ਨਹੀਂ ਮਿਲੀ ਤਾਂ ਸ਼ਨਿਚਰਵਾਰ ਨੂੰ ਮਜਬੂਰੀ ’ਚ ਕੰਮ ਬੰਦ ਕਰਨਾ ਪੈ ਸਕਦਾ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਲਾਡੋਵਾਲੀ ਰੋਡ ’ਤੇ ਹਾਲੇ ਵੀ ਕਈ ਰੇਹੜੀਆਂ ’ਤੇ ਰਸੋਈ ਗੈਸ ਸਿਲੰਡਰ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ।
---
ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਰਸੋਈ ਗੈਸ ਸਿਲਿੰਡਰ ਦੀ ਕਾਲਾ ਬਾਜ਼ਾਰੀ ਰੋਕਣ ਲਈ ਜ਼ਿਲਾ ਖੁਰਾਕ ਅਤੇ ਸਪਲਾਈ ਵਿਭਾਗ ਨੇ ਟੀਮ ਦਾ ਗਠਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਇਹ ਟੀਮ ਕਿਸੇ ਵੀ ਤਰ੍ਹਾਂ ਦੀ ਓਵਰਚਾਰਜਿੰਗ ਜਾਂ ਕਾਲਾ ਬਾਜ਼ਾਰੀ ਦੀ ਜਾਂਚ ਕਰੇਗੀ। ਇਸ ਦੀ ਰਿਪੋਰਟ ਤਿਆਰ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਹੈਲਪਲਾਈਨ ਨੰਬਰ 01812224417 ਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇਣ ਲਈ ਕੰਪਨੀਆਂ ਦਾ ਆਨਲਾਈਨ ਵ੍ਹਟਸਐਪ ਹੈਲਪਲਾਈਨ ਨੰਬਰ 7718955555 ਜਾਰੀ ਕੀਤਾ ਗਿਆ ਹੈ।
---
ਵਪਾਰਕ ਸਿਲੰਡਰ ਨੂੰ ਲੈ ਕੇ ਹਾਲੇ ਵੀ ਕੋਈ ਨਿਰਦੇਸ਼ ਨਹੀਂ
ਵਪਾਰਕ ਗੈਸ ਸਿਲਿੰਡਰ ਨੂੰ ਲੈ ਕੇ ਲਾਈ ਗਈ ਰੋਕ ਦੇ ਸੱਤ ਦਿਨ ਬੀਤ ਜਾਣ ਮਗਰੋਂ ਸ਼ੁੱਕਰਵਾਰ ਤੱਕ ਕੋਈ ਅਗਾਊਂ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਇਸ ਕਾਰਨ ਵਪਾਰਕ ਗੈਸ ਦੀ ਵਰਤੋਂ ਕਰਨ ਵਾਲੇ ਘਰਾਂ ਲਈ ਮੁਸ਼ਕਲਾਂ ਵਧ ਰਹੀਆਂ ਹਨ। ਖਾਸ ਕਰਕੇ ਹੋਟਲ ਉਦਯੋਗ ਤੇ ਰੈਸਟੋਰੈਂਟ ਅਤੇ ਕੇਟਰਿੰਗ ਕਰਨ ਵਾਲਿਆਂ ਲਈ ਪਰੇਸ਼ਾਨੀਆਂ ਵਧ ਰਹੀਆਂ ਹਨ।
---
ਵਪਾਰਕ ਗੈਸ ਦੀ ਸਪਲਾਈ ਯਕੀਨੀ ਬਣਾਏ ਸਰਕਾਰ : ਜੈਨ
ਇਸ ਬਾਰੇ ਉਦਯੋਗਪਤੀ ਸੁਦੀਪ ਜੈਨ ਨੇ ਕਿਹਾ ਕਿ ਸਰਕਾਰ ਨੂੰ ਵਪਾਰਕ ਗੈਸ ਦੀ ਸਪਲਾਈ ਨੂੰ ਲੈ ਕੇ ਵੀ ਜਲਦੀ ਤੋਂ ਜਲਦੀ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਵਪਾਰਕ ਗੈਸ ’ਤੇ ਨਿਰਭਰ ਘਰਾਂ ਨੂੰ ਰਾਹਤ ਦਿੱਤੀ ਜਾ ਸਕੇ। ਇਸੇ ਤਰ੍ਹਾਂ ਉਦਯੋਗਪਤੀ ਆਸ਼ੀਸ਼ ਜੈਨ ਨੇ ਕਿਹਾ ਕਿ ਵਪਾਰਕ ਗੈਸ ਸਿਲਿੰਡਰ ਦੀ ਸਪਲਾਈ ਸ਼ੁਰੂ ਨਾ ਹੋਣ ਕਾਰਨ ਫਰਨੇਸ ਅਤੇ ਹੋਟਲ-ਰੇਸਟੋਰੈਂਟ ਚਲਾਉਣ ਵਾਲਿਆਂ ਨੂੰ ਮਹਿੰਗੇ ਬਦਲਵੇਂ ਸਾਧਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਅਜਿਹੇ ’ਚ ਘਰੇਲੂ ਗੈਸ ਸਿਲੰਡਰ ਦੀ ਤਰ੍ਹਾਂ ਵਪਾਰਕ ਲਈ ਵੀ ਨਿਯਮ ਨਿਰਧਾਰਿਤ ਕਰ ਕੇ ਸਪਲਾਈ ਬਹਾਲ ਕਰਨੀ ਚਾਹੀਦੀ ਹੈ।