ਇਕ ਦਿਨ ’ਚ 500 ਤੱਕ ਪੁੱਜੀ ਸਿਲੰਡਰ ਬੁਕਿੰਗ ਦੀ ਗਿਣਤੀ
ਪੰਜ ਗੁਣਾ ਤੱਕ ਵਧੀ ਘਰੇਲੂ ਗੈਸ ਦੀ ਬੁਕਿੰਗ, ਪੰਜ ਤੋਂ ਛੇ ਦਿਨ ਬਾਅਦ
Publish Date: Wed, 11 Mar 2026 10:08 PM (IST)
Updated Date: Wed, 11 Mar 2026 10:12 PM (IST)

-ਫੂਡ ਦੀਆਂ ਰੇਹੜੀਆਂ ਚਲਾਉਣ ਵਾਲਿਆਂ ਨੂੰ ਬਲੈਕ ’ਚ ਖਰੀਦਣੀ ਪੈ ਰਹੀ ਗੈਸ -ਘਰੇਲੂ ਸਿਲੰਡਰ 1200 ਤੋਂ 1300 ਤੇ ਕਮਰਸ਼ੀਅਲ 2200 ਤੋਂ 2400 ਰੁਪਏ ਤੱਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਿਡਲ ਈਸਟ ’ਚ ਚੱਲ ਰਹੇ ਇਰਾਨ-ਅਮਰੀਕਾ-ਇਜ਼ਰਾਈਲ ਜੰਗ ਦਾ ਅਸਰ ਐੱਲਪੀਜੀ ਦੀ ਸਪਲਾਈ ’ਤੇ ਵੀ ਪਿਆ ਹੈ। ਸ਼ਹਿਰ ਦੀਆਂ ਗੈਸ ਏਜੰਸੀਆਂ ’ਤੇ ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਕਰੀਬ ਪੰਜ ਗੁਣਾ ਤੱਕ ਵੱਧ ਗਈ ਹੈ। ਪਹਿਲਾਂ ਇਕ ਏਜੰਸੀ ’ਚ ਦਿਨ ’ਚ ਔਸਤ ਕਰੀਬ 100 ਸਿਲੰਡਰਾਂ ਦੀ ਬੁਕਿੰਗ ਹੁੰਦੀ ਸੀ ਪਰ ਮੰਗਲਵਾਰ ਤੱਕ ਇਹ ਗਿਣਤੀ ਵੱਧ ਕੇ 400 ਤੋਂ 500 ਸਿਲੰਡਰ ਪ੍ਰਤੀ ਦਿਨ ਤੱਕ ਪਹੁੰਚ ਗਈ। ਦੂਜੇ ਪਾਸੇ ਮੰਗਲਵਾਰ ਦੁਪਹਿਰ ਤੋਂ ਬਾਅਦ ਆਈਓਸੀ ਦੇ ਖਪਤਕਾਰਾਂ ਲਈ ਗੈਸ ਦੀ ਆਨਲਾਈਨ ਬੁਕਿੰਗ ਵੀ ਨਹੀਂ ਹੋ ਰਹੀ। ਕੰਪਨੀ ਵੱਲੋਂ ਜਾਰੀ ਆਨਲਾਈਨ ਨੰਬਰ ’ਤੇ ਵਾਰ-ਵਾਰ ਕਾਲ ਕਰਨ ਦੇ ਬਾਵਜੂਦ ਵੀ ਬੁਕਿੰਗ ਨਹੀਂ ਹੋ ਰਹੀ। ਜਿਨ੍ਹਾਂ ਖਪਤਕਾਰਾਂ ਦੀ ਬੁਕਿੰਗ ਹੋ ਵੀ ਗਈ ਹੈ, ਉਨ੍ਹਾਂ ਨੂੰ ਵੀ ਪੰਜ ਤੋਂ ਛੇ ਦਿਨ ਬਾਅਦ ਸਿਲੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਗੈਸ ਦੀ ਕਮੀ ਕਾਰਨ ਇਸ ਦੀ ਕਾਲਾਬਾਜ਼ਾਰੀ ਵੀ ਵੱਧ ਗਈ ਹੈ। ਹਾਲਾਤ ਇਹ ਹਨ ਕਿ ਫੂਡ ਦੀਆਂ ਰੇਹੜੀਆਂ ਚਲਾਉਣ ਵਾਲੇ, ਜੋ ਪਹਿਲਾਂ 110 ਤੋਂ 120 ਰੁਪਏ ਪ੍ਰਤੀ ਕਿਲੋ ਗੈਸ ਖਰੀਦਦੇ ਸਨ, ਹੁਣ ਉਨ੍ਹਾਂ ਨੂੰ 180 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੈਸ ਖਰੀਦਣੀ ਪੈ ਰਹੀ ਹੈ। ਹਾਲਾਂਕਿ ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਅਚਾਨਕ ਵਧੀ ਮੰਗ ਤੇ ਸਪਲਾਈ ’ਚ ਆਈ ਰੁਕਾਵਟ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਇਸ ਪਿੱਛੇ ਕੌਮਾਂਤਰੀ ਪੱਧਰ ’ਤੇ ਇੰਧਨ ਸੰਕਟ ਤੇ ਤਕਨੀਕੀ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਯੁੱਧ ਤੋਂ ਬਾਅਦ ਸ਼ਨਿਚਰਵਾਰ ਨੂੰ ਹੀ ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਗਿਆ ਸੀ। ਹੁਣ ਬੁਕਿੰਗ ਨੂੰ ਲੈ ਕੇ ਵੀ ਸਮੱਸਿਆ ਖੜ੍ਹੀ ਹੋ ਗਈ ਹੈ। ਕੰਪਨੀ ਵੱਲੋਂ ਜਾਰੀ ਆਨਲਾਈਨ ਨੰਬਰ ’ਤੇ ਬੁਕਿੰਗ ਨਹੀਂ ਹੋ ਰਹੀ। ਜੇ ਉਪਭੋਗਤਾ ਗੈਸ ਏਜੰਸੀ ’ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਚਾਨਕ ਵਧੀ ਬੁਕਿੰਗ ਤੇ ਸਰਵਰ ਦੀ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਸਰਵਰ ਕਦੋਂ ਠੀਕ ਹੋਵੇਗਾ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਆਮ ਦਿਨਾਂ ’ਚ ਜ਼ਿਲ੍ਹੇ ਦੀਆਂ ਕੁੱਲ 75 ਗੈਸ ਏਜੰਸੀਆਂ ਰਾਹੀਂ ਹਫ਼ਤੇ ’ਚ ਕਰੀਬ 72 ਹਜ਼ਾਰ ਸਿਲੰਡਰਾਂ ਦੀ ਸਪਲਾਈ ਹੁੰਦੀ ਸੀ, ਜੋ ਪਿਛਲੇ ਹਫ਼ਤੇ ਵੱਧ ਕੇ 89 ਹਜ਼ਾਰ ਤੱਕ ਪੁੱਜ ਗਈ ਹੈ। ਦੂਜੇ ਪਾਸੇ ਗੈਸ ਸਿਲੰਡਰ ਦੀ ਡਲਿਵਰੀ ਤੋਂ 25 ਦਿਨ ਬਾਅਦ ਹੀ ਦੂਜੀ ਬੁਕਿੰਗ ਕਰਨ ਦੇ ਨਿਯਮ ਕਾਰਨ ਬੁਕਿੰਗ ਤੇ ਸਪਲਾਈ ’ਚ ਘਟਾਅ ਵੀ ਆਇਆ ਹੈ। ---------------------------- ਗੈਸ ਨਾ ਮਿਲਣ ਕਾਰਨ ਰੇਹੜੀ ਨਹੀਂ ਲਾਈ ਕਮਰਸ਼ੀਅਲ ਗੈਸ ਵਰਤਣ ਵਾਲੇ ਫੂਡ ਪ੍ਰੋਡਕਟਸ ਦੀਆਂ ਰੇਹੜੀਆਂ ਚਲਾਉਣ ਵਾਲਿਆਂ ਦੀ ਮੁਸ਼ਕਲ ਵੀ ਵੱਧ ਗਈ ਹੈ। ਮਾਡਲ ਟਾਊਨ ਰੋਡ ’ਤੇ ਨਿਊਟਰੀ-ਕੁਲਚੇ ਦੀ ਰੇਹੜੀ ਲਗਾਉਣ ਵਾਲੇ ਮਕਸੂਦਾਂ ਦੇ ਰਹਿਣ ਵਾਲੇ ਵੀਕੇ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਹਿਰ ’ਚ ਕਿਤੇ ਵੀ ਗੈਸ ਨਹੀਂ ਮਿਲੀ, ਜਿਸ ਕਰਕੇ ਉਹ ਰੇਹੜੀ ਵੀ ਨਹੀਂ ਲਾ ਸਕੇ। ਬੁੱਧਵਾਰ ਨੂੰ ਉਨ੍ਹਾਂ ਨੂੰ ਆਮ ਦਿਨਾਂ ਦੇ ਮੁਕਾਬਲੇ 60 ਰੁਪਏ ਮਹਿੰਗੀ ਗੈਸ ਮਿਲੀ। ਆਮ ਦਿਨਾਂ ’ਚ ਜੋ ਗੈਸ 120 ਰੁਪਏ ਪ੍ਰਤੀ ਕਿੱਲੋ ਮਿਲਦੀ ਸੀ, ਉਹ ਬੁੱਧਵਾਰ ਨੂੰ 180 ਰੁਪਏ ਪ੍ਰਤੀ ਕਿੱਲੋ ਖਰੀਦਣੀ ਪਈ। ਉਧਰ, ਕੰਟਰੋਲ ’ਚ 942.50 ਰੁਪਏ ਵਾਲਾ ਘਰੇਲੂ ਗੈਸ ਸਿਲੰਡਰ ਬਲੈਕ ’ਚ 1200 ਤੋਂ 1300 ਰੁਪਏ ਤੱਕ ਵੇਚਿਆ ਜਾ ਰਿਹਾ ਹੈ, ਜਦਕਿ 1975 ਰੁਪਏ ਵਾਲਾ ਕਮਰਸ਼ੀਅਲ ਸਿਲੰਡਰ 2200 ਤੋਂ 2400 ਰੁਪਏ ਤੱਕ ’ਚ ਵੇਚਿਆ ਜਾ ਰਿਹਾ ਹੈ। ਕੁਝ ਦੁਕਾਨਦਾਰ ਆਪਣੇ ਵਿਸ਼ਵਾਸ ਪਾਤਰ ਗਾਹਕਾਂ ਨੂੰ ਅੰਦਰਖਾਤੇ ਹੀ ਸਿਲੰਡਰ ਵੇਚ ਰਹੇ ਹਨ। --------------------------- ਰੇਹੜੀਆਂ ’ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਵਧੀ ਇਕ ਪਾਸੇ ਘਰੇਲੂ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਲਈ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਦੂਜੇ ਪਾਸੇ ਸ਼ਹਿਰ ਦੇ ਕਈ ਇਲਾਕਿਆਂ ’ਚ ਰੇਹੜੀਆਂ ’ਤੇ ਹਾਲੇ ਵੀ ਘਰੇਲੂ ਗੈਸ ਸਿਲੰਡਰ ਵਰਤੇ ਜਾ ਰਹੇ ਹਨ। ਪੰਜਾਬੀ ਜਾਗਰਣ ਦੀ ਟੀਮ ਨੇ ਲਾਡੋਵਾਲੀ ਰੋਡ, ਸਰਕੂਲਰ ਰੋਡ, ਮਾਈ ਹੀਰਾਂ ਗੇਟ ਤੇ ਗੋਪਾਲ ਨਗਰ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ, ਜਿੱਥੇ ਕਈ ਰੇਹੜੀਆਂ ’ਤੇ ਕਮਰਸ਼ੀਅਲ ਤੇ ਕਈ ਥਾਵਾਂ ’ਤੇ ਘਰੇਲੂ ਗੈਸ ਸਿਲੰਡਰ ਵਰਤੇ ਜਾ ਰਹੇ ਸਨ। ------------------------ ਫੈਡਰੇਸ਼ਨ ਨੇ ਕਿਹਾ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਦੂਜੇ ਪਾਸੇ ਆਲ ਇੰਡੀਆ ਐੱਲਪੀਜੀ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਹਰਸਿਮਰਤ ਕੌਰ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਬੁਕਿੰਗ ਤੋਂ ਬਾਅਦ ਦਿੱਤੀ ਜਾ ਰਹੀ ਹੈ, ਇਸ ਲਈ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ। ਕਮਰਸ਼ੀਅਲ ਗੈਸ ਸਿਲੰਡਰ ਨੂੰ ਲੈ ਕੇ ਆਇਲ ਕੰਪਨੀਆਂ ਦੇ ਨਿਰਦੇਸ਼ਾਂ ਮੁਤਾਬਕ ਹੀ ਸਪਲਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਲਤੇਸ਼ ਭਸੀਨ ਨੇ ਕਿਹਾ ਕਿ ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਡਲਿਵਰੀ ਲੈਣ ਤੋਂ ਬਾਅਦ ਨਿਰਧਾਰਤ ਸਮਾਂ 25 ਦਿਨ ਪੂਰੇ ਹੋਣ ’ਤੇ ਹੀ ਬੁਕਿੰਗ ਕਰਵਾਉਣ ਤੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਸਿਰਫ਼ ਰਸੋਈ ਲਈ ਹੀ ਕਰਨ।