ਜੰਗ ਦਾ ਅਸਰ : ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰ ਮਹਿੰਗੇ
ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰ ਮਹਿੰਗੇ, ਜ਼ਿਲ੍ਹੇ ਦੇ 1.80 ਲੱਖ ਉਪਭੋਗਤਾ ਡਿਲਿਵਰੀ ਤੋਂ 25 ਦਿਨ ਬਾਅਦ ਹੀ ਕਰ ਸਕਣਗੇ ਅਗਲੀ ਬੁਕਿੰਗ
Publish Date: Sat, 07 Mar 2026 08:50 PM (IST)
Updated Date: Sat, 07 Mar 2026 08:54 PM (IST)

-ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਬੰਦ ਹੋਣ ਨੂੰ ਲੈ ਕੇ ਵਧੀ ਚਿੰਤਾ, ਕਮਰਸ਼ੀਅਲ ਖਪਤਕਾਰ ਐਡਵਾਂਸ ’ਚ ਕਰਵਾ ਰਹੇ ਬੁਕਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਮਰੀਕਾ ਤੇ ਇਸਰਾਈਲ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਦਾ ਅਸਰ ਹੁਣ ਗੈਸ ਸਿਲੰਡਰਾਂ ਦੀ ਕੀਮਤ ਤੇ ਸਪਲਾਈ ’ਤੇ ਵੀ ਪਿਆ ਹੈ। ਇਸ ਤਹਿਤ ਘਰੇਲੂ ਤੇ ਕਮਰਸ਼ੀਅਲ ਦੋਵੇਂ ਕਿਸਮ ਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਗਿਆ ਹੈ। ਨਾਲ ਹੀ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਕਿ ਗੈਸ ਸਿਲੰਡਰ ਦੀ ਡਿਲਿਵਰੀ ਤੋਂ 25 ਦਿਨ ਬਾਅਦ ਹੀ ਅਗਲੀ ਬੁਕਿੰਗ ਕੀਤੀ ਜਾ ਸਕੇਗੀ। ਇਸ ਲਈ ਗੈਸ ਏਜੰਸੀਆਂ ਦੇ ਸਾਫਟਵੇਅਰ ਵੀ ਅਪਡੇਟ ਕਰ ਦਿੱਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ ਹੁਣ ਇਕ ਘਰੇਲੂ ਗੈਸ ਸਿਲੰਡਰ ਦੀ ਡਲਿਵਰੀ ਮਿਲਣ ਤੋਂ 25 ਦਿਨ ਬਾਅਦ ਹੀ ਖਪਤਕਾਰ ਅਗਲੀ ਬੁਕਿੰਗ ਕਰ ਸਕਣਗੇ। ਦੂਜੇ ਪਾਸੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਪੈਟ੍ਰੋਲੀਅਮ ਮੰਤਰਾਲੇ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਕੁਝ ਸਮੇਂ ਲਈ ਰੋਕਣ ਬਾਰੇ ਜਾਰੀ ਪੱਤਰ ਨਾਲ ਵੀ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਪੱਤਰ ਜਾਰੀ ਹੋਣ ਤੋਂ ਬਾਅਦ ਤੇਲ ਕੰਪਨੀਆਂ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਲਗਾਤਾਰ ਜਾਰੀ ਰੱਖੀ ਗਈ ਹੈ। ਇਸ ਕਰਕੇ ਹੋਟਲ ਉਦਯੋਗ ’ਚ ਪਹਿਲਾਂ ਤੋਂ ਤਿਆਰੀ ਦੇ ਤੌਰ ’ਤੇ ਐਡਵਾਂਸ ’ਚ ਬੁਕਿੰਗ ਕਰਵਾਈ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਰੋਜ਼ਾਨਾ ਲੋੜ ਮੁਤਾਬਕ ਹੀ ਆਰਡਰ ਦਿੱਤਾ ਜਾਂਦਾ ਸੀ। ਖਾੜੀ ਦੇਸ਼ਾਂ ’ਚ ਯੁੱਧ ਕਾਰਨ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਘਰੇਲੂ ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਇਹ ਵਾਧਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਸ ਤਹਿਤ ਪਹਿਲਾਂ 882.50 ਰੁਪਏ ’ਚ ਮਿਲਣ ਵਾਲਾ ਘਰੇਲੂ ਗੈਸ ਸਿਲੰਡਰ ਹੁਣ 60 ਰੁਪਏ ਵਧ ਕੇ 942.50 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ 1860.50 ਰੁਪਏ ਵਾਲਾ ਕਮਰਸ਼ੀਅਲ ਗੈਸ ਸਿਲੰਡਰ 115 ਰੁਪਏ ਵਧ ਕੇ 1975 ਰੁਪਏ ਹੋ ਗਿਆ ਹੈ। ---------------------------------- 50 ਗੈਸ ਏਜੰਸੀਆਂ ਦੇ 1.80 ਲੱਖ ਖਪਤਕਾਰ ਪ੍ਰਭਾਵਿਤ ਜ਼ਿਲ੍ਹੇ ’ਚ ਇੰਡੀਅਨ ਆਇਲ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ ਦੀਆਂ ਲਗਪਗ 50 ਗੈਸ ਏਜੰਸੀਆਂ ਹਨ, ਜਿਨ੍ਹਾਂ ਰਾਹੀਂ ਕਰੀਬ 1.80 ਲੱਖ ਖਪਤਕਾਰਾਂ ਨੂੰ ਗੈਸ ਸਪਲਾਈ ਦਿੱਤੀ ਜਾਂਦੀ ਹੈ। ਪਹਿਲਾਂ ਘਰੇਲੂ ਖਪਤਕਾਰ ਲੋੜ ਪੈਣ ’ਤੇ ਡਲਿਵਰੀ ਦੇ ਅਗਲੇ ਦਿਨ ਵੀ ਗੈਸ ਸਿਲੰਡਰ ਬੁਕ ਕਰਵਾ ਲੈਂਦੇ ਸਨ ਤੇ ਏਜੰਸੀਆਂ ਵੱਲੋਂ 24 ਤੋਂ 48 ਘੰਟਿਆਂ ’ਚ ਸਪਲਾਈ ਕਰ ਦਿੱਤੀ ਜਾਂਦੀ ਸੀ ਪਰ ਨਵੇਂ ਨਿਯਮਾਂ ਮੁਤਾਬਕ ਹੁਣ ਡਲਿਵਰੀ ਤੋਂ 25 ਦਿਨ ਬਾਅਦ ਹੀ ਬੁਕਿੰਗ ਹੋਵੇਗੀ। ------------------------------- ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ : ਭਸੀਨ ਆਲ ਇੰਡੀਆ ਐੱਲਪੀਜੀ ਡਿਸਟ੍ਰੀਬਿਊਟਰ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਲਤੇਸ਼ ਭਸੀਨ ਨੇ ਕਿਹਾ ਕਿ ਗੈਸ ਦੀ ਢੁੱਕਵੀਂ ਮਾਤਰਾ ’ਚ ਸਪਲਾਈ ਹੋ ਰਹੀ ਹੈ। ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਨੇ ਦੱਸਿਆ ਕਿ ਬੁਕਿੰਗ ਤੋਂ 24 ਘੰਟਿਆਂ ਦੇ ਅੰਦਰ ਹੀ ਸਪਲਾਈ ਦਿੱਤੀ ਜਾ ਰਹੀ ਹੈ। ਕਮਰਸ਼ੀਅਲ ਖਪਤਕਾਰਾਂ ਨੂੰ ਵੀ ਸੰਯਮ ਬਣਾਈ ਰੱਖਣਾ ਚਾਹੀਦਾ ਹੈ। ----------------------------- ਬੁਕਿੰਗ ਦੀ ਮਿਆਦ ਘਟਾਉਣ ਦੀ ਮੰਗ ਕਈ ਘਰੇਲੂ ਖਪਤਕਾਰਾਂ ਨੇ ਡਲਿਵਰੀ ਤੋਂ ਬਾਅਦ ਬੁਕਿੰਗ ਦੀ ਮਿਆਦ ਘਟਾਉਣ ਦੀ ਮੰਗ ਕੀਤੀ ਹੈ। ਨੇਹਾ ਜੈਨ ਨੇ ਦੱਸਿਆ ਕਿ ਵੱਡੇ ਤੇ ਸਾਂਝੇ ਪਰਿਵਾਰਾਂ ’ਚ ਇਕ ਗੈਸ ਸਿਲੰਡਰ ਦੀ ਖਪਤ ਲਗਭਗ 20 ਦਿਨਾਂ ’ਚ ਹੋ ਜਾਂਦੀ ਹੈ। ਇਸ ਕਰ ਕੇ 25 ਦਿਨਾਂ ਬਾਅਦ ਬੁਕਿੰਗ ਕਰਨ ਨਾਲ ਮੁਸ਼ਕਲ ਹੋ ਸਕਦੀ ਹੈ। ਇਸੇ ਤਰ੍ਹਾਂ ਤਰਵਿੰਦਰ ਕੌਰ ਨੇ ਕਿਹਾ ਕਿ ਕੀਮਤਾਂ ’ਚ ਵਾਧਾ ਤੇ ਬੁਕਿੰਗ ਦੀ ਹੱਦ ਇਕੋ ਵਾਰ ਲਾਗੂ ਕਰਨ ਨਾਲ ਖਪਤਕਾਰਾਂ ਦੀਆਂ ਸਮੱਸਿਆਵਾਂ ਵੱਧ ਗਈਆਂ ਹਨ। ਉਨ੍ਹਾਂ ਨੇ ਬੁਕਿੰਗ ਦੀ ਮਿਆਦ 25 ਦਿਨ ਤੋਂ ਘਟਾ ਕੇ 15 ਦਿਨ ਕਰਨ ਦੀ ਮੰਗ ਕੀਤੀ ਹੈ। ---------------------------- ਹੋਟਲ ਉਦਯੋਗ ਵੀ ਚਿੰਤਾ ’ਚ ਡੁੱਬਾ ਹੋਟਲ ਤੇ ਰੈਸਟੋਰੈਂਟ ਚਲਾਉਣ ਵਾਲਿਆਂ ’ਚ ਵੀ ਗੈਸ ਸਪਲਾਈ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਪੈਟ੍ਰੋਲੀਅਮ ਮੰਤਰਾਲੇ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ’ਤੇ ਰੋਕ ਲਗਾਉਣ ਬਾਰੇ ਪੱਤਰ ਜਾਰੀ ਕੀਤਾ ਗਿਆ ਸੀ। ਹਾਲਾਂਕਿ ਤੇਲ ਕੰਪਨੀਆਂ ਵੱਲੋਂ ਫਿਲਹਾਲ ਸਪਲਾਈ ਜਾਰੀ ਹੈ। ਪਲਾਜ਼ਾ ਰੈਸਟੋਰੈਂਟ ਦੇ ਐੱਮਡੀ ਜਸਕਰਨ ਸਿੰਘ ਨੇ ਕਿਹਾ ਕਿ ਤੇਲ ਕੰਪਨੀਆਂ ਨੂੰ ਕਮਰਸ਼ੀਅਲ ਖੇਤਰ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਗੈਸ ਸਿਲੰਡਰ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ।