ਸ਼ਹੀਦ ਭਗਤ ਸਿੰਘ ਕਾਲੋਨੀ ’ਚ ਕੁੱਤਿਆਂ ਦਾ ਨੌਜਵਾਨ ’ਤੇ ਹਮਲਾ, ਜ਼ਮੀਨ ’ਤੇ ਡਿੱਗਣ ਨਾਲ ਬਾਂਹ ਟੁੱਟੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ ਭਗਤ ਸਿੰਘ ਕਾਲੋਨੀ ’ਚ ਆਵਾਰਾ ਕੁੱਤਿਆਂ ਦੇ ਹਮਲੇ ’ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਗੌਰਵ ਸ਼ਰਮਾ ਸਵੇਰੇ ਘਰ ਤੋਂ ਦੁੱਧ ਲੈਣ ਲਈ ਨਿਕਲੇ ਸਨ ਕਿ ਅਚਾਨਕ ਕੁੱਤਿਆਂ ਨੇ ਪਿੱਛੋਂ ਹਮਲਾ ਕਰ ਦਿੱਤਾ। ਕੁੱਤਿਆਂ ਦੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਗੌਰਵ ਸੜਕ ’ਤੇ ਡਿੱਗ ਪਏ। ਸੜਕ ’ਤੇ ਡਿੱਗਣ ਕਾਰਨ ਗੌਰਵ ਸ਼ਰਮਾ ਦੀ ਬਾਂਹ ਟੁੱਟ ਗਈ ਤੇ ਹੋਰ ਵੀ ਸੱਟਾਂ ਲੱਗੀਆਂ ਹਨ। ਗੌਰਵ ਨੇ ਕਿਸੇ ਤਰ੍ਹਾਂ ਖੁਦ ਨੂੰ ਕੁੱਤਿਆਂ ਤੋਂ ਬਚਾਇਆ ਤੇ ਘਰ ਪਹੁੰਚੇ। ਸ਼ਹੀਦ ਭਗਤ ਸਿੰਘ ਕਾਲੋਨੀ ’ਚ ਆਵਾਰਾ ਕੁੱਤੇ ਕਈ ਵਾਰ ਲੋਕਾਂ ’ਤੇ ਹਮਲੇ ਕਰ ਚੁੱਕੇ ਹਨ। ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਵਿਨੋਦ ਸ਼ੁਕਲਾ ਨੂੰ ਵੀ ਕੁੱਤਿਆਂ ਨੇ ਵੱਢਿਆ ਸੀ। ਗੌਰਵ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਨਾਂ ਕੁੱਤਿਆਂ ਨੂੰ ਸੜਕਾਂ ਤੋਂ ਫੜ ਕੇ ਡਾਗ ਕੰਪਾਊਂਡ ’ਚ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਜੋ ਲੋਕ ਇਨ੍ਹਾਂ ਕੁੱਤਿਆਂ ਨੂੰ ਸੜਕਾਂ ’ਤੇ ਖਾਣਾ ਖੁਆ ਰਹੇ ਹਨ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਕਾਲੋਨੀ ’ਚ ਆਵਾਰਾ ਕੁੱਤੇ ਝੁੰਡ ਬਣਾ ਕੇ ਘੁੰਮਦੇ ਹਨ ਤੇ ਬੱਚਿਆਂ ਲਈ ਤਾਂ ਗਲੀਆਂ ’ਚ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਬੱਚਿਆਂ ’ਤੇ ਵੀ ਕੁੱਤਿਆਂ ਨੇ ਕਈ ਵਾਰ ਹਮਲੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਨੂੰ ਹੱਥ ’ਚ ਡੰਡਾ ਲੈ ਕੇ ਨਿਕਲਣਾ ਪੈਂਦਾ ਹੈ ਤਾਂ ਜੋ ਉਹ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਣ।