-ਬਾਜ਼ਾਰ ਤੋਂ ਮਹਿੰਗੀਆਂ ਦਵਾਈਆਂ

-ਬਾਜ਼ਾਰ ਤੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਰੀਜ਼ ਮਜਬੂਰ
-10 ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ
ਜਾਸ, ਜਲੰਧਰ : ਜ਼ਿਲ੍ਹੇ ਦੀਆਂ ਕੁੱਲ 35 ਆਯੁਰਵੈਦਿਕ ਡਿਸਪੈਂਸਰੀਆਂ ਵਿਚੋਂ ਸਿਰਫ 25 ਡਿਸਪੈਂਸਰੀਆਂ ’ਚ ਹੀ ਡਾਕਟਰ ਤਾਇਨਾਤ ਹਨ। ਜਦਕਿ, 10 ਬਿਨਾਂ ਡਾਕਟਰ ਤੋਂ ਚੱਲ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਇਲਾਜ ਕਰਵਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਡਿਸਪੈਂਸਰੀਆਂ ’ਚ ਪਿਛਲੇ ਦੋ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਦਵਾਈਆਂ ਦੀ ਸਪਲਾਈ ਨਹੀਂ ਕੀਤੀ ਜਾ ਰਹੀ। ਮਰੀਜ਼ਾਂ ਨੂੰ ਇਲਾਜ ਲਈ ਬਾਜ਼ਾਰ ’ਚੋਂ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ। ਹਾਲਾਂਕਿ, ਆਯੁਰਵੇਦ ਵਿਭਾਗ ਮੁਤਾਬਕ ਨਵੇਂ ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ, ਆਯੁਰਵੈਦਿਕ ਦਵਾਈਆਂ ਮੰਗਵਾਉਣ ਲਈ ਟੈਂਡਰ ਲਾਏ ਗਏ ਹਨ। ਉਮੀਦ ਹੈ ਕਿ ਵਿੱਤੀ ਵਰ੍ਹਾ ਖਤਮ ਹੋਣ 'ਤੇ ਇਨ੍ਹਾਂ ਦੀ ਸਪਲਾਈ ਵੀ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।
ਜ਼ਿਲ੍ਹੇ ਦੀਆਂ 35 ਆਯੁਰਵੈਦਿਕ ਡਿਸਪੈਂਸਰੀਆਂ ਵਿਚੋਂ 25 ਡਿਸਪੈਂਸਰੀਆਂ ਪਿੰਡਾਂ ਵਿਚ ਤੇ 5 ਸ਼ਹਿਰੀ ਖੇਤਰਾਂ ’ਚ ਸਥਿਤ ਹਨ। ਜਿੱਥੇ ਡਾਕਟਰਾਂ ਦੀ ਸੇਵਾਮੁਕਤੀ ਦੇ ਬਾਅਦ ਨਵੀਂ ਭਰਤੀ ਨਹੀਂ ਕੀਤੀ ਗਈ, ਜਿਸ ਕਾਰਨ 10 ਡਿਸਪੈਂਸਰੀਆਂ ਬਿਨਾਂ ਡਾਕਟਰ ਦੀ ਪੱਕੀ ਤਾਇਨਾਤੀ ਦੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ ਉਪਲੱਬਧ ਨਹੀਂ ਹੋ ਰਹੀਆਂ। ਪਿੰਡਾਂ ’ਚ ਹਾਲਾਤ ਹੋਰ ਵੀ ਖ਼ਰਾਬ ਹਨ, ਕਿਉਂਕਿ ਉਥੇ ਆਯੁਰਵੈਦਿਕ ਡਿਸਪੈਂਸਰੀਆਂ ਮੁੱਢਲੀਆਂ ਸਿਹਤ ਸੇਵਾਵਾਂ ਦਾ ਅਹਿਮ ਹਿੱਸਾ ਮੰਨੀਆਂ ਜਾਂਦੀਆਂ ਹਨ। ਡਾਕਟਰਾਂ ਤੇ ਦਵਾਈਆਂ ਦੀ ਕਮੀ ਕਾਰਨ ਭਰੋਸੇਯੋਗਤਾ 'ਤੇ ਵੀ ਸਵਾਲ ਉੱਠ ਰਹੇ ਹਨ। ਇਸ ਸਬੰਧੀ ਆਯੁਰਵੇਦ ਵਿਭਾਗ ਦੇ ਨਿਰਦੇਸ਼ਕ ਡਾ. ਰਮਨ ਖੰਨਾ ਨੇ ਕਿਹਾ ਕਿ ਦਵਾਈਆਂ ਦੀ ਉਪਲੱਬਧਤਾ ਲਈ ਟੈਂਡਰ ਲਾਏ ਗਏ ਹਨ। ਵਿੱਤੀ ਵਰ੍ਹਾ ਖਤਮ ਹੋਣ 'ਤੇ ਇਨ੍ਹਾਂ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਜਦਕਿ, ਮਰੀਜ਼ਾਂ ਨੂੰ ਸਲਾਹ ਲੈਣ ਵਿਚ ਕੋਈ ਦਿੱਕਤ ਨਾ ਆਵੇ, ਇਸ ਲਈ ਵੱਖ-ਵੱਖ ਸਮਿਆਂ 'ਤੇ ਡਾਕਟਰਾਂ ਨੂੰ ਡਿਸਪੈਂਸਰੀਆਂ 'ਤੇ ਤਾਇਨਾਤ ਕੀਤਾ ਜਾਂਦਾ ਹੈ।
---
ਲੋਕਾਂ ਨੇ ਛੇਤੀ ਦਵਾਈਆਂ ਉਪਲੱਬਧ ਕਰਵਾਉਣ ਦੀ ਰੱਖੀ ਮੰਗ
ਉੱਧਰ, ਲੋਕਾਂ ਨੇ ਸਿਹਤ ਵਿਭਾਗ ਤੋਂ ਆਯੁਰਵੈਦਿਕ ਦਵਾਈਆਂ ਜਲਦੀ ਉਪਲੱਬਧ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਮੁਨੀਸ਼ ਬਾਹਰੀ ਨੇ ਕਿਹਾ ਕਿ ਇਕ ਪਾਸੇ ਆਯੁਰਵੇਦ ਨੂੰ ਪ੍ਰੋਮੋਟ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਆਯੁਰਵੈਦਿਕ ਡਿਸਪੈਂਸਰੀਆਂ ਦੀ ਸਥਿਤੀ ਸੁਧਾਰਨ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ, ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਵੱਲ ਲੋਕਾਂ ਦਾ ਰੁਝਾਨ ਵਧ ਰਿਹਾ ਹੈ, ਪਰ ਸਰਕਾਰੀ ਡਿਸਪੈਂਸਰੀਆਂ 'ਚ ਮਾੜੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਡਸਟਰੀਅਲ ਏਰੀਆ ਦੇ ਰਹਿਣ ਵਾਲੇ ਓਪੀ ਸਪਲ ਨੇ ਕਿਹਾ ਕਿ ਆਯੁਰਵੇਦ ਦੇ ਸਾਈਡ ਇਫੈਕਟ ਨਾ ਹੋਣ ਕਾਰਨ ਹੀ ਇਸ ਵੱਲ ਰੁਝਾਨ ਵਧ ਰਿਹਾ ਹੈ ਪਰ ਦਵਾਈਆਂ ਤੇ ਡਾਕਟਰਾਂ ਦੀ ਕਮੀ ਇਸ ’ਚ ਰੁਕਾਵਟ ਬਣ ਰਹੀ ਹੈ, ਜਿਸ ਦਾ ਹੱਲ ਲੱਭਣ ਦੀ ਜ਼ਰੂਰਤ ਹੈ।