ਦਹਿਸ਼ਤ ’ਚ ਦੁਆਬਾ, ਦੋ ਲੋਕਾਂ ਦੀ ਮੌਤ ਚਿੰਤਾ ਦਾ ਵਿਸ਼ਾ: ਪਰਗਟ ਸਿੰਘ
ਦਹਿਸ਼ਤ ’ਚ ਦੁਆਬਾ, ਦੋ ਲੋਕਾਂ ਦੀ ਮੌਤ ਚਿੰਤਾ ਦਾ ਵਿਸ਼ਾ: ਪਰਗਟ ਸਿੰਘ
Publish Date: Fri, 16 Jan 2026 08:08 PM (IST)
Updated Date: Fri, 16 Jan 2026 08:09 PM (IST)

-ਕਿਹਾ, ਪੰਜਾਬ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਪੂਰੀ ਤਰ੍ਹਾਂ ਅਸਫਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੋਆਬਾ ਖੇਤਰ ’ਚ ਲਗਾਤਾਰ ਹੋ ਰਹੀਆਂ ਅਪਰਾਧਿਕ ਘਟਨਾਵਾਂ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਅੱਜ ਹੀ ਆਦਮਪੁਰ ਇਲਾਕੇ ’ਚ ਗੈਂਗਸਟਰਾਂ ਵੱਲੋਂ ਇਕ ਵਿਦਿਆਰਥੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਕੱਲ੍ਹ ਹੁਸ਼ਿਆਰਪੁਰ ’ਚ ਆਮ ਆਦਮੀ ਪਾਰਟੀ ਦੇ ਵਰਕਰ ਦਾ ਕਤਲ ਕਰ ਦਿੱਤਾ ਗਿਆ। ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖ਼ਤਰਨਾਕ ਬਿੰਦੂ ਤੇ ਪਹੁੰਚ ਗਈ ਹੈ। ਗੈਂਗਸਟਰਾਂ ਤੇ ਅਪਰਾਧੀਆ ਹੌਸਲੇ ਵਧ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਹਿ ਮੰਤਰੀ ਵਜੋਂ ਕਾਨੂੰਨ ਵਿਵਸਥਾ ਤੇ ਕੰਟਰੋਲ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਰਾਜ ਅਧੀਨ, ਡਕੈਤੀ, ਫਿਰੌਤੀ, ਗੈਂਗਵਾਰ ਅਤੇ ਕਤਲਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਸ਼ਹਿਰ ਜਾਂ ਪੇਂਡੂ ਇਲਾਕਿਆਂ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਗੋਲੀਬਾਰੀ ਅਤੇ ਕਤਲ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦੋਆਬਾ ਇੱਕ ਐਨਆਰਆਈ ਬੈਲਟ ਹੈ, ਅਤੇ ਇੱਥੇ ਫਿਰੌਤੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪਰਗਟ ਸਿੰਘ ਨੇ ਚਿੰਤਾ ਜਤਾਈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਕੂਲਾਂ, ਕਾਲਜਾਂ, ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰਾਂ, ਅਦਾਲਤਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਲਗਾਤਾਰ ਮਿਲ ਰਹੀਆਂ ਹਨ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਈਬਰ ਸਿਸਟਮ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਿਹਾ ਹੈ। ਇਨ੍ਹਾਂ ਈਮੇਲਾਂ ਨੂੰ ਭੇਜਣ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਸਰਕਾਰ ਅਤੇ ਪੁਲਿਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਧਮਕੀ ਭਰੀਆਂ ਈਮੇਲਾਂ ਕਿੱਥੋਂ ਆ ਰਹੀਆਂ ਹਨ ਤੇ ਕੌਣ ਭੇਜ ਰਿਹਾ ਹੈ। ਸਰਕਾਰ ਨੇ ਇਸ ਮਾਮਲੇ ਵਿੱਚ ਹੁਣ ਤੱਕ ਕਿਹੜੀ ਵੱਡੀ ਕਾਰਵਾਈ ਕੀਤੀ ਹੈ? ਈਮੇਲ ਧਮਕੀਆਂ ਮਿਲਦੇ ਹੀ, ਪੁਲਿਸ ਇਨ੍ਹਾਂ ਮਾਮਲਿਆਂ ਵਿੱਚ ਰੁੱਝੀ ਰਹਿੰਦੀ ਹੈ, ਜਦੋਂ ਕਿ ਗੈਂਗਸਟਰ ਅਤੇ ਹੋਰ ਕੱਟੜ ਅਪਰਾਧੀ ਹੋਰ ਅਪਰਾਧ ਕਰਨ ਤੋਂ ਬਾਅਦ ਭੱਜ ਜਾਂਦੇ ਹਨ। ਸਰਕਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫਲ ਹੋ ਰਹੀ ਹੈ। ਸੂਬੇ ਵਿਚ ਸ਼ਾਂਤੀ ਭੰਗ ਹੋ ਰਹੀ ਹੈ ਅਤੇ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।