ਪਰੇਸ਼ਾਨ ਬਿਨੈਕਾਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਜਾਗਰਣ ਸੰਵਾਦਦਾਤਾ, ਜਲੰਧਰ
Publish Date: Mon, 30 Mar 2026 08:37 PM (IST)
Updated Date: Mon, 30 Mar 2026 08:39 PM (IST)
ਦੋ ਦਿਨਾਂ ਦੀਆਂ ਸਰਕਾਰੀ ਛੁੱਟੀਆਂ ਮਗਰੋਂ ਸੋਮਵਾਰ ਨੂੰ ਵੀ ਬੱਸ ਸਟੈਂਡ ਨੇੜਲੇ ਡਰਾਈਵਿੰਗ ਟਰੈਕ ’ਤੇ ਵੱਖ-ਵੱਖ ਕਾਰਨਾਂ ਕਰਕੇ ਕੰਮ ਪ੍ਰਭਾਵਿਤ ਰਿਹਾ। ਪਹਿਲਾਂ ਤਾਂ ਸਵੇਰੇ ਲਗਪਗ ਦੋ ਘੰਟਿਆਂ ਤੱਕ ਸਰਵਰ ’ਚ ਖਾਮੀਆਂ ਕਾਰਨ ਟਰੈਕ ’ਤੇ ਕੰਮ ਨਹੀਂ ਹੋ ਸਕਿਆ। ਬਾਅਦ ’ਚ ਦੁਪਹਿਰ ਵੇਲੇ ਲਗਪਗ ਸਵਾ ਤਿੰਨ ਵਜੇ ਬਿਜਲੀ ਬੰਦ ਹੋਣ ਕਾਰਨ ਇਕ ਵਾਰੀ ਫਿਰ ਟਰੈਕ ’ਤੇ ਕੰਮ ਠੱਪ ਹੋ ਗਿਆ। ਕਾਰਨ ਸੀ ਟਰੈਕ ’ਤੇ ਰੱਖਿਆ ਗਿਆ ਜਨਰੇਟਰ ਬੈਟਰੀ ਨਾ ਹੋਣ ਕਾਰਨ ਚੱਲ ਨਹੀਂ ਸਕਿਆ। ਸਟਾਫ ਨੇ ਮਕੈਨਿਕ ਨੂੰ ਸੱਦ ਕੇ ਬੈਟਰੀ ਲਗਵਾਈ ਤਦ ਜਾ ਕੇ ਬਿਜਲੀ ਆਉਣ ਮਗਰੋਂ ਹੀ ਇਕ ਵਾਰੀ ਫਿਰ ਕੰਮ ਸ਼ੁਰੂ ਹੋ ਸਕਿਆ। ਇਸ ਦੌਰਾਨ ਬਿਨੈਕਾਰਾਂ ਨੇ ਘੰਟਿਆਂਬੱਧੀ ਵਾਰੀ ਦਾ ਇੰਤਜ਼ਾਰ ਕੀਤਾ।
ਟਰੈਕ ਦੇ ਸਟਾਫ ਨੇ ਦੱਸਿਆ ਕਿ ਹਰ ਰੋਜ਼ 160 ਬਿਨੈਕਾਰਾਂ ਦੀ ਫਾਈਲ ਤੇ ਟੈਸਟ ਕਰਨ ਦੀ ਸਲਾਟ ਤੈਅ ਹੁੰਦੀ ਹੈ, ਜਿਸ ਵਿੱਚੋਂ ਸ਼ਾਮ ਤੱਕ ਸਿਰਫ 110 ਲੋਕਾਂ ਦਾ ਹੀ ਕੰਮ ਹੋ ਸਕਿਆ। ਅਜਿਹੇ ਹਾਲਾਤ ’ਚ ਬਿਨਾਂ ਕੰਮ ਹੋਏ ਵਾਪਸ ਜਾਣ ਵਾਲੇ ਬਿਨੈਕਾਰਾਂ ਨੇ ਪਰੇਸ਼ਾਨੀ ਨੂੰ ਲੈ ਕੇ ਟਰੈਕ ’ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਬਿਨੈਕਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਬੇਰੰਗ ਵਾਪਸ ਜਾਣ 'ਤੇ ਨਾਰਾਜ਼ਗੀ ਪ੍ਰਗਟਾਈ।