ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਊਡ ਸਪੀਕਰਾਂ ਦੀ ਆਵਾਜ਼ 10 ਡੈਸੀਬਲ ਤੋਂ ਘੱਟ ਰੱਖਣ ਦੇ ਹੁਕਮ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮੈਰਿਜ ਪੈਲੇਸ, ਪਬਲਿਕ ਲੋਕੇਸ਼ਨਾਂ ਤੇ
Publish Date: Tue, 03 Feb 2026 09:23 PM (IST)
Updated Date: Wed, 04 Feb 2026 04:14 AM (IST)

- ਬੱਸਾਂ, ਕਾਰਾਂ, ਮੋਟਰਸਾਈਕਲਾਂ ਸਮੇਤ ਹਰ ਤਰ੍ਹਾਂ ਦੇ ਵਾਹਨਾਂ ’ਤੇ ਪ੍ਰੈਸ਼ਰ ਹਾਰਨਾਂ ’ਤੇ ਪੂਰਨ ਪਾਬੰਦੀ - ਲਾਊਡ ਸਪੀਕਰ ਆਦਿ ਦੀ ਵਰਤੋਂ ਲਈ ਪੂਰਵ ਪ੍ਰਵਾਨਗੀ ਲੈਣਾ ਲਾਜ਼ਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਮੈਰਿਜ ਪੈਲੇਸ, ਪਬਲਿਕ ਲੋਕੇਸ਼ਨਾਂ ਤੇ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰ ਦੀ ਆਵਾਜ਼ 10 ਡੈਸੀਬਲ ਤੋਂ ਨੀਚੇ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੱਸਾਂ, ਕਾਰਾਂ, ਮੋਟਰਸਾਈਕਲਾਂ ਤੇ ਹਰ ਪ੍ਰਕਾਰ ਦੇ ਵਾਹਨਾਂ ’ਤੇ ਪ੍ਰੈਸ਼ਰ ਹਾਰਨਾਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਮੈਰਿਜ ਪੈਲੇਸਾਂ ਤੇ ਪਬਲਿਕ ਲੋਕੇਸ਼ਨਾਂ ਆਦਿ ’ਤੇ ਲਾਊਡ ਸਪੀਕਰ ਆਦਿ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਤੇ ਪ੍ਰਵਾਨਗੀ ਉਪਰੰਤ ਲਾਊਡ ਸਪੀਕਰ ਦੀ ਵਰਤੋਂ ਕਰਨ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ ਤੇ ਆਵਾਜ਼ ਨਿਯਤ ਮਿਆਰਾਂ ਅਨੁਸਾਰ ਹੀ ਹੋਵੇਗੀ। ਇਸ ਦੇ ਨਾਲ ਹੀ ਸਬਜ਼ੀ ਵੇਚਣ ਵਾਲੇ, ਕਬਾੜੀ, ਠੇਲੇ, ਈ-ਰਿਕਸ਼ਾ, ਆਟੋ ਆਦਿ ਵੱਲੋਂ ਸਪੀਕਰ ਜਾਂ ਕਿਸੇ ਹੋਰ ਧੁਨੀ ਪੈਦਾ ਕਰਨ ਵਾਲੇ ਉਪਕਰਣ ਦੀ ਵਰਤੋਂ ਕਰਕੇ ਸ਼ੋਰ ਕਰਨ ’ਤੇ ਵੀ ਰੋਕ ਰਹੇਗੀ। ਇਹ ਹੁਕਮ 3 ਫਰਵਰੀ ਤੋਂ 2 ਅਪ੍ਰੈਲ 2026 ਤੱਕ ਲਾਗੂ ਰਹੇਗਾ।