ਬੇਗ਼ਮਪੁਰਾ ’ਚ ਜ਼ਿਲ੍ਹਾ ਪੱਧਰੀ ਅਜਲਾਸ 22 ਨੂੰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜ਼ਿਲ੍ਹਾ ਪੱਧਰੀ ਅਜਲਾਸ 22 ਫਰਵਰੀ ਨੂੰ ਬੇਗਮਪੁਰਾ ਵਿਖੇ
Publish Date: Thu, 29 Jan 2026 06:42 PM (IST)
Updated Date: Thu, 29 Jan 2026 06:43 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਕਮੇਟੀ ਫਿਲੌਰ ਦੀ ਮੀਟਿੰਗ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਗਗਨਦੀਪ ਗੱਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਦੇ ਨਾਂ ’ਤੇ ਚਲਾਏ ਜਾ ਰਹੇ ਅਭਿਆਨਾਂ ਰਾਹੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਬੇਰੁਜ਼ਗਾਰੀ ਤੇ ਨਸ਼ਿਆਂ ਵਰਗੇ ਅਸਲ ਮਸਲਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ। ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਪਿਛਲੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਸਭਾ ਦੇ ਪ੍ਰਮੁੱਖ ਨਾਅਰੇ “ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ-ਸਭ ਦਾ ਹੋਵੇ ਇਹ ਅਧਿਕਾਰ” ਦੀ ਰੋਸ਼ਨੀ ਹੇਠ ਸਾਲ 2026 ਲਈ ਮੈਂਬਰਸ਼ਿਪ ਆਧਾਰਿਤ ਨਵੀਆਂ ਇਕਾਈਆਂ ਬਣਾਈਆਂ ਜਾਣਗੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜ਼ਿਲ੍ਹਾ ਜਲੰਧਰ ਪੱਧਰੀ ਇਜਲਾਸ 22 ਫਰਵਰੀ ਨੂੰ ਪਿੰਡ ਬੇਗਮਪੁਰਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਸੋਧ ਬਿੱਲ, ਮਜ਼ਦੂਰ ਵਿਰੋਧੀ ਕਾਨੂੰਨਾਂ ਤੇ ਮਨਰੇਗਾ ਸਕੀਮ ਨੂੰ ਖਤਮ ਕਰਨ ਖ਼ਿਲਾਫ਼ ਚੱਲ ਰਹੇ ਲੋਕ ਸੰਘਰਸ਼ਾਂ ਦੀ ਹਮਾਇਤ ਕਰਦਿਆਂ 12 ਫਰਵਰੀ ਨੂੰ ਹੋਣ ਵਾਲੀ ਮਜ਼ਦੂਰਾਂ ਦੀ ਹੜਤਾਲ ’ਚ ਹਿੱਸਾ ਲੈਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਮੌਕੇ ਗੁਰਿੰਦਰਜੀਤ ਗੈਰੀ, ਜਸਵੀਰ ਢੇਸੀ, ਲਖਵੀਰ ਖੋਖੇਵਾਲ, ਸੰਦੀਪ ਫਿਲੌਰ, ਪਾਰਸ ਫਿਲੌਰ, ਅੰਗਰੇਜ਼ ਸੰਗੋਵਾਲ, ਜਸਵੀਰ ਫਿਲੌਰ ਆਦਿ ਹਾਜ਼ਰ ਸਨ।