- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਾਖੋਰੀ ਵਿਰੁੱਧ ਮਹੀਨਾ ਭਰ ਚੱਲਣ ਵਾਲੀ 'ਨਸ਼ਾ ਮੁਕਤ ਪੰਜਾਬ' ਤੇ 'ਨਸ਼ਿਆਂ ਵਿਰੁੱਧ ਨੌਜਵਾਨ' ਮੁਹਿੰਮ ਦੀ ਸਮਾਪਤੀ

-ਲੋਕਾਂ ਨੂੰ ਐੱਨਡੀਪੀਐੱਸ ਐਕਟ ਤੇ ਮੁੜ ਵਸੇਬੇ ਦੇ ਕਾਨੂੰਨ ਬਾਰੇ ਕੀਤਾ ਗਿਆ ਜਾਗਰੂਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਾਖੋਰੀ ਵਿਰੁੱਧ 'ਨਸ਼ਾ ਮੁਕਤ ਪੰਜਾਬ' ਤੇ 'ਨਸ਼ਿਆਂ ਵਿਰੁੱਧ ਨੌਜਵਾਨ' ਚਲਾਈ ਗਈ ਜਾਗਰੂਕਤਾ ਮੁਹਿੰਮ ਸਫਲਤਾਪੂਰਵਕ ਸਮਾਪਤ ਹੋ ਗਈ। ਇਹ ਮੁਹਿੰਮ 6 ਦਸੰਬਰ 2025 ਤੋਂ 6 ਜਨਵਰੀ ਤੱਕ ਚਲਾਈ ਗਈ ਸੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਨਿਰਭਉ ਸਿੰਘ ਗਿੱਲ ਤੇ ਰਾਹੁਲ ਕੁਮਾਰ ਸੀਜੇਐੱਮ-ਕਮ-ਸਕੱਤਰ ਡੀਐੱਲਐੱਸਏ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸਮਾਜ ਨੂੰ ਨਸ਼ਾਖੋਰੀ ਦੀ ਲਾਹਨਤ ਵਿਰੁੱਧ ਲਾਮਬੰਦ ਕਰਨਾ ਤੇ ਕਾਨੂੰਨੀ ਸਹਾਇਤਾ, ਮੁੜ ਵਸੇਬਾ ਸੇਵਾਵਾਂ ਤੇ ਆਮ ਜਨਤਾ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪੈਨਲ ਵਕੀਲਾਂ, ਪੀਐੱਲਵੀਜ਼ ਤੇ ਐੱਲਏਡੀਸੀਜ਼ ਵੱਲੋਂ ਲਗਭਗ 100 ਸਕੂਲਾਂ ਦਾ ਦੌਰਾ ਕੀਤਾ ਗਿਆ ਤੇ 100 ਪਿੰਡਾਂ ’ਚ ਜਾਗਰੂਕਤਾ ਪੈਦਾ ਕੀਤੀ ਗਈ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ, ਕੇਂਦਰੀ ਜੇਲ੍ਹ ਕਪੂਰਥਲਾ ਤੇ ਜਲੰਧਰ ਦੇ 24 ਨਸ਼ਾ ਛੁਡਾਊ ਕੇਂਦਰਾਂ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਕਈ ਨਸ਼ਾ ਛੁਡਾਊ ਕੇਂਦਰਾਂ ਦਾ ਨਿਰੀਖਣ ਨਿਆਇਕ ਅਧਿਕਾਰੀਆਂ ਵੱਲੋਂ ਵੀ ਕੀਤਾ ਗਿਆ। ਇਸ ਦੌਰਾਨ ਖੂਨਦਾਨ ਤੇ ਮੈਡੀਕਲ ਕੈਂਪ ਵੀ ਲਗਾਏ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸਹਿਯੋਗ ਨਾਲ, ਮਸ਼ਹੂਰ ਕਲਾਕਾਰਾਂ ਗੁਰਪ੍ਰੀਤ ਘੁੱਗੀ ਤੇ ਬਿੰਨੂ ਢਿੱਲੋਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਰਿਕਾਰਡ ਕੀਤੇ ਗਏ ਆਡੀਓ ਸੰਦੇਸ਼ ਜਲੰਧਰ ਦੇ ਲਗਭਗ 330 ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਸਵੇਰ ਦੀਆਂ ਸਭਾਵਾਂ ’ਚ ਸੁਣਾਏ ਗਏ। ਨਿਰਭਉ ਸਿੰਘ ਗਿੱਲ ਨੇ ਜ਼ੋਰ ਦਿੱਤਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਕਾਨੂੰਨ ਲਾਗੂ ਕਰਨ ਦਾ ਮੁੱਦਾ ਨਹੀਂ, ਸਗੋਂ ਇਕ ਸਮਾਜਿਕ-ਕਾਨੂੰਨੀ ਚੁਣੌਤੀ ਹੈ। ਡੀਐੱਲਐੱਸਏ ਨੇ ਪ੍ਰੈੱਸ, ਸਿਵਲ ਸੁਸਾਇਟੀ ਤੇ ਆਮ ਜਨਤਾ ਨੂੰ ਇਸ ਮੁਹਿੰਮ ’ਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਨਸ਼ਾ ਛੁਡਾਊ ਸਹੂਲਤਾਂ ਤੇ ਮੁਫ਼ਤ ਕਾਨੂੰਨੀ ਸਹਾਇਤਾ ਲਈ ਨੈਸ਼ਨਲ ਟੋਲ-ਫ੍ਰੀ ਹੈਲਪਲਾਈਨ 15100 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਨਿਰਭਉ ਸਿੰਘ ਗਿੱਲ ਤੇ ਰਾਹੁਲ ਕੁਮਾਰ ਵੱਲੋਂ ਲਗਭਗ 50 ਪੈਨਲ ਵਕੀਲਾਂ, ਐੱਲਏਡੀਸੀ, ਪੀਐੱਲਵੀਜ਼ ਤੇ ਸਟਾਫ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਅਰਜਨ ਸਿੰਘ ਸੰਧੂ ਤੇ ਮਾਣਿਕ ਕੌੜਾ (ਸਿਵਲ ਜੱਜ), ਹਰਨੇਕ ਸਿੰਘ (ਮੁੱਖ ਐੱਲਏਡੀਸੀ), ਰਾਜੀਵ ਜੋਸ਼ੀ (ਡਿਪਟੀ ਡੀਈਓ), ਜਸਵਿੰਦਰ ਸਿੰਘ (ਡਿਪਟੀ ਮੈਡੀਕਲ ਕਮਿਸ਼ਨਰ), ਜਗਨ ਨਾਥ (ਸੀਨੀਅਰ ਸਹਾਇਕ) ਤੇ ਪੈਰਾ ਲੀਗਲ ਵਲੰਟੀਅਰ ਹਾਜ਼ਰ ਸਨ।